CBI ਵਿਵਾਦ : ਬੰਦ ਲਿਫਾਫੇ 'ਚ ਸੀ.ਵੀ.ਸੀ. ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ

12

November

2018

ਨਵੀਂ ਦਿੱਲੀ— ਸੀ.ਬੀ.ਆਈ.ਵਿਵਾਦ 'ਚ ਸੁਪਰੀਮ ਕੋਰਟ ਅੱਜ ਕੇਂਦਰੀ ਵਿਜੀਲੈਂਸ ਕਮੀਸ਼ਨ ਦਾ ਪੱਖ ਸੁਣਿਆ। ਸੀ.ਵੀ.ਸੀ.ਨੇ ਸੀਲ ਬੰਦ ਲਿਫਾਫੇ 'ਚ ਕੋਰਟ 'ਚ 2 ਕਾਪੀਆਂ ਸੌਂਪੀਆਂ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਸ਼ੁੱਕਰਵਾਰ ਨੂੰ ਹੋਵੇਗੀ। ਦੱਸ ਦੇਈਏ ਕਿ ਪਿਛਲੀ ਸੁਣਵਾਈ 'ਚ ਕੋਰਟ ਨੇ ਸੀ.ਵੀ.ਸੀ. ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸੀ.ਬੀ.ਆਈ.ਨਿਰਦੇਸ਼ਕ ਆਲੋਕ ਵਰਮਾ ਦੇ ਖਿਲਾਫ ਲੱਗੇ ਦੋਸ਼ਾਂ ਦੀ ਸ਼ੁਰੂਆਤੀ ਜਾਂਚ ਦੋ ਹਫਤਿਆਂ ਦੇ ਅੰਦਰ ਪੂਰੀ ਕਰੇ। ਕੇਂਦਰ ਸਰਕਾਰ ਨੇ ਵਰਮਾ ਦੇ ਸਾਰੇ ਅਧਿਕਾਰ ਵਾਪਸ ਲੈ ਕੇ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਉੱਥੇ ਹੀ ਕੋਰਟ ਦੇ ਆਦੇਸ਼ ਦੇ ਬਾਅਦ ਆਪਣਾ ਪੱਖ ਰੱਖਣ ਲਈ ਆਲੋਕ ਵਰਮਾ ਕੇ.ਵੀ. ਚੌਧਰੀ ਦੀ ਅਗਵਾਈ ਵਾਲੇ ਸੀ.ਵੀ.ਸੀ. ਦੇ ਸਾਹਮਣੇ ਪੇਸ਼ ਹੁੰਦੇ ਰਹੇ ਹਨ ਅਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਸੀ.ਬੀ.ਆਈ. ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਦੁਆਰਾ ਆਪਣੇ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਬਿੰਦੁਵਾਰ ਤਰੀਕੇ ਨਾਲ ਨਕਾਰ ਦਿੱਤਾ ਹੈ। ਵਰਮਾ ਅਤੇ ਅਸਥਾਨਾ ਨੇ ਇਕ-ਦੂਜੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸੀ, ਜਿਸ ਤੋਂ ਬਾਅਦ ਵਿਵਾਦ ਕਾਫੀ ਡੂੰਘਾ ਹੋ ਗਿਆ ਸੀ। ਬਾਅਦ 'ਚ ਕੇਂਦਰ ਨੇ ਦੋਹਾਂ ਅਧਿਕਾਰੀਆਂ ਨੂੰ ਜਬਰਨ ਛੁੱਟੀ 'ਤੇ ਭੇਜ ਦਿੱਤਾ ਅਤੇ ਦੋਹਾਂ ਤੋਂ ਉਨ੍ਹਾਂ ਦੇ ਸਾਰੇ ਅਧਿਕਾਰ ਵਾਪਸ ਲੈ ਲਏ। ਕੇਂਦਰ ਦੇ ਇਨ੍ਹਾਂ ਫੈਂਸਲਿਆਂ ਨੂੰ ਵਰਮਾ ਨੇ ਕੋਰਟ 'ਚ ਚੁਣੌਤੀ ਦਿੱਤੀ ਹੈ। ਬੀਤੇ 26 ਅਕਤੂਬਰ ਨੂੰ ਵਰਮਾ ਦੀ ਅਰਜੀ 'ਤੇ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੀਵੀਸੀ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਸੀਵੀਸੀ ਨੂੰ ਜਾਂਚ ਪੂਰੀ ਕਰਨ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਸੀ।