ਕੈਪਟਨ ਨੇ ਕੀਤਾ 122 ਕਰੋੜੀ ਹਸਪਤਾਲ ਦਾ ਉਦਘਾਟਨ

12

November

2018

ਸੰਗਰੂਰ/ਬਰਨਾਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੰਗਰੂਰ ਪਹੁੰਚ ਕੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸੌ ਬਿਸਤਰਿਆਂ ਵਾਲੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਸਪਤਾਲ 122 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ। ਇਸ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਵਿਜੈ ਇੰਦਰ ਸਿੰਗਲਾ ਵੱਲੋਂ ਐੱਮ. ਪੀ. ਹੁੰਦੇ ਹੋਏ ਕੀਤੇ ਗਏ ਠੋਸ ਤੇ ਅਣਥੱਕ ਯਤਨਾਂ ਦੇ ਨਾਲ 30 ਬਿਸਤਰਿਆਂ ਦੀ ਸਮਰੱਥਾ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸ਼ੁਰੂਆਤ ਸਾਲ 2013 ਵਿਚ ਉਦੋਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਯੂ.ਪੀ.ਏ ਸਰਕਾਰ ਵੱਲੋਂ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਸਦਕਾ ਕੀਤੀ ਗਈ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਵੀਂ ਇਮਾਰਤ 'ਚ 4 ਸਟੇਟ ਆਫ ਆਰਟ ਆਪ੍ਰੇਸ਼ਨ ਥੀਏਟਰ, 6 ਬਿਸਤਰਿਆਂ ਦੀ ਸਮਰੱਥਾ ਵਾਲਾ ਆਈ. ਸੀ. ਯੂ. ਅਤੇ 4 ਬਿਸਤਰਿਆਂ ਵਾਲਾ ਰਿਕਵਰੀ ਯੂਨਿਟ ਤੋਂ ਇਲਾਵਾ 48 ਜਨਰਲ ਬਿਸਤਰੇ, 12 ਸੈਮੀ ਪ੍ਰਾਈਵੇਟ ਬਿਸਤਰੇ ਅਤੇ 6 ਪ੍ਰਾਈਵੇਟ ਬਿਸਤਰੇ ਉਪਲੱਬਧ ਹਨ।