ਅੰਬਾਲਾ ਰੇਲਵੇ ਡਿਵੀਜ਼ਨ ਨੇ ਆਪਣਾ ਹੀ ਰਿਕਾਰਡ ਤੋੜਿਆ

12

November

2018

ਅੰਬਾਲਾ, ਅੰਬਾਲਾ ਰੇਲਵੇ ਡਿਵੀਜ਼ਨ ਵੱਲੋਂ ਬੇਟਿਕਟੇ ਮੁਸਾਫ਼ਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ 8 ਨਵੰਬਰ ਨੂੰ 4048 ਬੇਟਿਕਟੇ ਮੁਸਾਫ਼ਰ ਫੜ ਕੇ ਉਨ੍ਹਾਂ ਕੋਲੋਂ ਕੁੱਲ 21 ਲੱਖ 3105 ਰੁਪਏ ਦੀ ਰਕਮ ਵਸੂਲੀ ਸੀ ਅਤੇ 21 ਅਕਤੂਬਰ 2017 ਦਾ ਰਿਕਾਰਡ ਤੋੜਿਆ ਸੀ ਅਤੇ ਫਿਰ 9 ਨਵੰਬਰ ਨੂੰ ਚੈਕਿੰਗ ਦੇ ਦੌਰਾਨ 5472 ਬੇਟਿਕਟੇ ਮੁਸਾਫ਼ਰ ਕਾਬੂ ਕਰਕੇ 8 ਨਵੰਬਰ ਵਾਲਾ ਰਿਕਾਰਡ ਵੀ ਤੋੜ ਦਿੱਤਾ। ਅੰਬਾਲਾ ਡਿਵੀਜ਼ਨ ਦੀ ਸੀਨੀਅਰ ਡੀਸੀਐਮ ਸ੍ਰੀਮਤੀ ਪ੍ਰਵੀਨ ਗੌੜ ਦਿਵੇਦੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੰਬਾਲਾ ਡਿਵੀਜ਼ਨ ਨੇ 21 ਅਕਤੂਬਰ 2017 ਨੂੰ ਇਕ ਦਿਨ ਵਿਚ 3230 ਬੇਟਿਕਟੇ ਮੁਸਾਫ਼ਰ ਫੜ ਕੇ 17,18,275 ਰੁਪਏ ਵਸੂਲ ਕਰਕੇ ਰਿਕਾਰਡ ਕਾਇਮ ਕੀਤਾ ਸੀ ਪਰ 8 ਨਵੰਬਰ 2018 ਨੂੰ ਚੈਕਿੰਗ ਦੇ ਦੌਰਾਨ 4048 ਬੇਟਿਕਟੇ ਮੁਸਾਫ਼ਰ ਫੜ ਕੇ ਅਤੇ ਉਨ੍ਹਾਂ ਕੋਲੋਂ 21,03,105 ਰੁਪਏ ਵਸੂਲ ਕਰਕੇ 2017 ਵਾਲਾ ਰਿਕਾਰਡ ਤੋੜ ਦਿੱਤਾ ਸੀ। ਹੁਣ 9 ਨਵੰਬਰ ਨੂੰ ਇਕ ਦਿਨ ਵਿਚ 5472 ਬੇਟਿਕਟੇ ਮੁਸਾਫਰਾਂ ਕੋਲੋਂ 29,00,320 ਰੁਪਏ ਦੀ ਰਕਮ ਵਸੂਲ ਕਰਕੇ 8 ਨਵੰਬਰ ਵਾਲਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ 6 ਨਵੰਬਰ ਨੂੰ ਇਕ ਦਿਨ ਵਿਚ 21394 ਮੁਸਾਫਰਾਂ ਨੂੰ ਅਨਰਿਜ਼ਰਵਡ ਟਿਕਟਾਂ ਜਾਰੀ ਕਰਕੇ ਸਭ ਤੋਂ ਵੱਧ 53.07 ਲੱਖ ਰੁਪਏ ਦੀ ਆਮਦਨ ਨਾਲ ਰਿਕਾਰਡ ਕਾਇਮ ਕੀਤਾ ਗਿਆ ਹੈ।