ਧਾਗਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

10

November

2018

ਲਾਲੜੂ, ਲਾਲੜੂ-ਹੰਡੇਸਰਾ ਸੜਕ ’ਤੇ ਸਥਿਤ ਸਿਆਮ ਇੰਡੋਸਪਿਨ ਧਾਗਾ ਫੈਕਟਰੀ ਵਿਚ ਅੱਜ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਘਟਨਾ ਕਾਰਨ ਫੈਕਟਰੀ ਦੀਆਂ ਮਸ਼ੀਨਾਂ ਸਮੇਤ ਲੱਖਾਂ ਰੁਪਏ ਦਾ ਕੀਮਤੀ ਧਾਗਾ ਅਤੇ ਹੋਰ ਸਾਮਾਨ ਸੜ ਗਿਆ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਅੱਗ ਅੱਜ ਸਵੇਰੇ 4.30 ਵਜੇ ਦੇ ਕਰੀਬ ਲੱਗੀ ਅਤੇ ਲਾਲੜੂ ਪੁਲੀਸ ਮੌਕੇ ’ਤੇ ਪੁੱਜੀ। ਇਸ ਮੌਕੇ ਫਾਇਰ ਬ੍ਰਿਗੇਡ ਡੇਰਾਬਸੀ ਦੀਆਂ ਦੋ ਗੱਡੀਆਂ, ਸਟੀਲ ਸਟਰਿਪਸ ਕੰਪਨੀ ਦੀ ਇਕ ਗੱਡੀ ਅਤੇ ਨਾਹਰ ਕੰਪਨੀ ਦੀ ਇਕ ਗੱਡੀ ਅੱਗ ਬਝਾਉਣ ਲਈ ਮੌਕੇ ’ਤੇ ਪਹੁੰਚੀਆਂ ਤੇ ਤਿੰਨ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ ਗਿਆ। ਘਟਨਾ ਦਾ ਜਾਇਜ਼ਾ ਲੈਣ ਲਈ ਐਸਡੀਐਮ (ਡੇਰਾਬਸੀ) ਪਰਮਜੀਤ ਸਿੰਘ ਸਮੇਤ ਤਹਿਸੀਲਦਾਰ ਡੇਰਾਬਸੀ, ਹਲਕਾ ਕਾਨੂੰਗੋ, ਪਟਵਾਰੀ ਅਤੇ ਪੁਲੀਸ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਫਾਇਰ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ 5.15 ਮਿੰਟ ’ਤੇ ਮਿਲੀ। ਉਨ੍ਹਾਂ ਨੇ ਅੱਗ ਬੁਝਾਊ ਗੱਡੀਆਂ ਨੂੰ ਮੌਕੇ ’ਤੇ ਭੇਜ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਦੀ ਜਾਂਚ ਜਾਰੀ ਹੈ ਤੇ ਜਾਂਚ ਉਪਰੰਤ ਹੀ ਅੱਗ ਨਾਲ ਹੋਏ ਨੁਕਸਾਨ ਦਾ ਪਤਾ ਲੱਗ ਸਕੇਗਾ।