Arash Info Corporation

ਮਿਲਾਵਟ ਤੋਂ ਸੁਚੇਤ ਰਹਿਣ ਤੇ ਸਾਮਾਨ ਖਰੀਦਣ ਵੇਲੇ ਬਿੱਲ ਲੈਣ ਦੀ ਅਪੀਲ

09

November

2018

ਐਸ.ਏ.ਐਸ. ਨਗਰ (ਮੁਹਾਲੀ), ਕੰਜ਼ਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਮੁਹਾਲੀ ਵੱਲੋਂ ਇੱਥੋਂ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫੇਜ਼-8 ਵਿੱਚ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬ੍ਰਿਗੇਡੀਅਰ (ਸੇਵਾਮੁਕਤ) ਅਵਤਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਪਤਕਾਰ ਐਕਟ ਵਿਦੇਸ਼ੀ ਮੁਲਕਾਂ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਾਗੂ ਕਰ ਦਿੱਤਾ ਗਿਆ ਸੀ ਪ੍ਰੰਤੂ ਭਾਰਤ ਵਿੱਚ ਇਹ ਐਕਟ 1986 ਵਿੱਚ ਲਾਗੂ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਇਸ ਐਕਟ ਬਾਰੇ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹਨ। ਉਨ੍ਹਾਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਾਰੇ ਸਕੂਲੀ ਬੱਚਿਆਂ ਨੂੰ ਵੀ ਸਹੀ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਜੱਜ ਐਚ.ਐਸ. ਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਛੋਟੇ ਤੋਂ ਛੋਟਾ ਸਮਾਨ ਖਰੀਦਣ ਵੇਲੇ ਜਾਗਰੂਕ ਰਹਿਣ ਅਤੇ ਮਿਲਾਵਟ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਲਾਵਟੀ ਸਮਾਨ ਵੇਚਣ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸ਼ਿਕਾਇਤ ਦੇਣ ਅਤੇ ਮੁਆਵਜ਼ਾ ਮੰਗਣ ਤੋਂ ਗੁਰੇਜ਼ ਨਾ ਕੀਤਾ ਜਾਵੇ। ਇਸ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਐਮਡੀਐਸ ਸੋਢੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਖਪਤਕਾਰ ਐਕਟ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਫੂਡ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਮਨ ਸ਼ਰਮਾ ਨੇ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਬਾਰੇ ਸੁਚੇਤ ਕਰਦਿਆਂ ਖਪਤਕਾਰਾਂ ਨੂੰ ਆਖਿਆ ਕਿ ਉਹ ਬਾਜ਼ਾਰ ਵਿੱਚ ਕੋਈ ਵੀ ਸਮਾਨ ਖ਼ਰੀਦਦੇ ਸਮੇਂ ਪੂਰੀ ਸਾਵਧਾਨੀ ਵਰਤਣ। ਸੰਸਥਾ ਦੇ ਜਨਰਲ ਸਕੱਤਰ ਕਰਨਲ (ਸੇਵਾਮੁਕਤ) ਅੰਗਦ ਸਿੰਘ ਖਪਤਕਾਰ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਪਤਕਾਰਾਂ ਦੇ ਵੀ ਅਨੇਕਾਂ ਅਧਿਕਾਰ ਹੁੰਦੇ ਹਨ ਅਤੇ ਖਪਤਕਾਰਾਂ ਦੀਆਂ ਕਈ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਨ ਖ਼ਰੀਦਣ ਵੇਲੇ ਬਿਲ ਜ਼ਰੂਰ ਲੈਣ। ਇਸ ਮੌਕੇ ਐਸ ਐਸ ਗੁਰਾਇਆ ਨੇ ਕਵਿਤਾ ਰਾਹੀਂ ਖਪਤਕਾਰਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ, ਡੀਪੀਆਈ (ਸੇਵਾਮੁਕਤ) ਪੀਐਸ ਭੋਪਾਲ ਅਤੇ ਜੋਰਾ ਸਿੰਘ ਭੁੱਲਰ ਸਾਬਕਾ ਸਰਪੰਚ ਚੱਪੜਚਿੜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ, ਡਾ. ਓਮਾ ਸ਼ਰਮਾ, ਹਰਗੋਬਿੰਦ ਸਿੰਘ, ਏਆਰ ਕੁਮਾਰ ਅਤੇ ਹੋਰ ਆਗੂ ਮੌਜੂਦ ਸਨ।

E-Paper

Calendar

Videos