ਚੰਡੀਗੜ੍ਹ ਵਿੱਚ ਐੱਸਐੱਸਪੀ ਨੇ ਖੁ਼ਦ ਕੀਤੀ ਗਸ਼ਤ

09

November

2018

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕਰਕੇ ਪਟਾਕੇ ਚਲਾਉਣ ਅਤੇ ਵੇਚਣ ਵਾਲੇ ਕੁੱਲ 39 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਹਨ। ਮੁਲਜ਼ਮਾਂ ਨੇ ਆਪਣੀਆਂ ਜ਼ਮਾਨਤਾਂ ਤਾਂ ਕਰਵਾ ਲਈਆਂ ਹਨ ਪਰ ਅਦਾਲਤੀ ਪੇਸ਼ੀਆਂ ਭੁਗਤਣੀਆਂ ਹੀ ਪੈਣਗੀਆਂ। ਇਸੇ ਦੌਰਾਨ ਐਸਐਸਪੀ ਨੀਲਾਂਬਰੀ ਵਿਜੈ ਜਗਦਲੇ ਨੇ ਖ਼ੁਦ ਗਸ਼ਤ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਦੀਵਾਲੀ ਦੌਰਾਨ ਧਾਰਾ 188 ਤਹਿਤ 33 ਕੇਸ ਦਰਜ ਕਰਕੇ 34 ਵਿਅਕਤੀਆਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਪਟਾਕੇ ਚਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਅਤੇ ਨਾਜਾਇਜ਼ ਢੰਗ ਨਾਲ ਪਟਾਕੇ ਵੇਚਣ ਵਾਲੇ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਦੀਵਾਲੀ ਮੌਕੇ ਰਾਤ ਕੇਵਲ 8 ਤੋਂ 10 ਵਜੇ ਤਕ ਹੀ ਪਟਾਕੇ ਚਲਾਉਣ ਦੀ ਹਦਾਇਤ ਕੀਤੀ ਹੈ। ਇਸ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਪਟਾਕੇ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਵਿੱਚ ਇਹ ਮੱਦ ਵੀ ਜੋੜੀ ਗਈ ਹੈ ਕਿ ਜੇ ਜਿਸ ਥਾਣਾ ਖੇਤਰ ਵਿਚ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੋਕ ਪਟਾਕੇ ਚਲਾਉਣਗੇ, ਉਸ ਥਾਣੇ ਦੇ ਐਸਐਚਓ ਵਿਰੁੱਧ ਅਦਾਲਤ ਦੀ ਮਾਨਹਾਨੀ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਕਾਰਨ ਐਸਐਚਓਜ਼ ਦੀਵਾਲੀ ਵਾਲੀ ਰਾਤ ਖੁੱਦ ਪਟਾਕੇ ਚਲਣ ਦੀ ਸੂਹ ਲੈ ਰਹੇ ਸਨ। ਪੁਲੀਸ ਨੇ ਇਸ ਤੋਂ ਇਲਾਵਾ ਬਿਨਾਂ ਪਰਮਿਟ ਦੇ ਅਣਅਧਿਕਾਰਤ ਥਾਵਾਂ ’ਤੇ ਪਟਾਕੇ ਚਲਾਉਣ ਵਾਲੇ 5 ਵਿਅਕਤੀਆਂ ਵਿਰੁੱਧ ਵੀ ਕੇਸ ਦਰਜ ਕੀਤਾ ਹੈ। ਇਸ ਵਾਰ ਨਗਰ ਨਿਗਮ ਨੇ ਸ਼ਹਿਰ ਦੇ ਕੇਵਲ 9 ਥਾਵਾਂ ’ਤੇ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਪਰ ਕੁਝ ਵਿਅਕਤੀ ਹੋਰ ਥਾਵਾਂ ’ਤੇ ਵੀ ਪਟਾਕੇ ਵੇਚਣ ਦੀ ਤਾਕ ਵਿੱਚ ਸਨ। ਪੁਲੀਸ ਨੇ ਸੂਹ ਮਿਲਣ ’ਤੇ ਨਾਜਾਇਜ਼ ਢੰਗ ਨਾਲ ਪਟਾਕੇ ਵੇਚਣ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਇਸ ਤੋਂ ਇਲਾਵਾ ਦੀਵਾਲੀ ਵਾਲੇ ਦਿਨ ਸੁਰੱਖਿਆ ਪ੍ਰਬੰਧਾਂ ਲਈ 923 ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਸੀ ਪਰ ਇਸ ਦੇ ਬਾਵਜੂਦ ਦੋ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ। ਵੇਰਵਿਆਂ ਅਨੁਸਾਰ ਸੈਕਟਰ-46 ਵਿੱਚ ਮੋਟਰਸਾਈਕਲ ’ਤੇ ਸਵਾਰ ਲੁਟੇਰੇ ਨੇ ਇਕ ਮਹਿਲਾ ਦਾ ਪਰਸ ਖੋਹ ਲਿਆ। ਇਸੇ ਤਰਾਂ ਸੈਕਟਰ-32 ਦੀ ਇਕ ਮਹਿਲਾ ਕੋਲੋਂ ਵੀ ਮੋਟਰਸਾਈਕਲ ’ਤੇ ਸਵਾਰ ਲੁਟੇਰੇ ਨੇ ਪਰਸ ਖੋਹ ਲਿਆ ਹੈ। ਇਸੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਵਿਭਾਗ ਨੇ ਦੀਵਾਲੀ ਵਾਲੀ ਰਾਤ ਸ਼ਹਿਰ ਵਿੱਚ ਕੁਲ 21 ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਦਿੱਤੀ ਹੈ। ਘਟਨਾਵਾਂ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਫਾਇਰ ਟੈਂਡਰ ਭੇਜੇ ਗਏ ਅਤੇ ਅੱਜ ’ਤੇ ਕਾਬੂ ਪਾਇਆ ਗਿਆ। ਇਸੇ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਵਿਭਾਗ ਅਨੁਸਾਰ ਅੱਗ ਲੱਗਣ ਦੀ ਪਹਿਲੀ ਖਬਰ ਰਾਤ 2.36 ’ਤੇ ਮਿਲੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ 8 ਨਵੰਬਰ ਸਵੇਰੇ 5 ਵਜੇ ਤੱਕ ਜਾਰੀ ਰਹੀਆਂ।