01
March
2022
ਲੌਂਗੋਵਾਲ,1 ਮਾਰਚ (ਜਗਸੀਰ ਸਿੰਘ ) -
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਨੇੜਲੇ ਪਿੰਡ ਕਨੋਈ ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਪੀ ਏ ਯੂ ਸਮਾਰਟ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਵਰਤ ਕੇ ਬੀਜੀ ਕਣਕ ਦੀ ਫ਼ਸਲ ਉੱਤੇ ਖੇਤ ਦਿਵਸ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦੱਸਿਆ ਕਿ ਇਸ ਖੇਤ ਦਿਵਸ ਦਾ ਆਯੋਜਨ ਅਗਾਂਹਵਧੂ ਅਤੇ ਵਾਤਾਵਰਣ ਹਿਤੈਸ਼ੀ ਕਿਸਾਨ ਸ ਗੁਰਿੰਦਰ ਸਿੰਘ ਗਿੱਲ ਦੇ ਫਾਰਮ ਉੱਤੇ ਕੀਤਾ ਗਿਆ,ਜਿਸ ਨੇ 2014 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਲਗਭਗ 8 ਸਾਲਾਂ ਤੋਂ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਾਲ ਗੁਰਿੰਦਰ ਨੇ 4.5 ਏਕੜ ਰਕਬੇ ਤੇ ਪੀ ਏ ਯੂ ਸਮਾਰਟ ਸੀਡਰ ਨਾਲ ਵੀ ਕਣਕ ਦੀ ਬਿਜਾਈ ਕੀਤੀ ਜਿਸ ਤੋਂ ਉਹ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹੈ। ਉਸ ਤੋਂ ਪ੍ਰੇਰਨਾ ਲੈ ਕੇ ਪਿੰਡ ਦੇ ਹੋਰ ਕਈ ਕਿਸਾਨਾਂ ਨੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਇਸ ਤੋਂ ਇਲਾਵਾ ਡਾ ਮਨਦੀਪ ਸਿੰਘ ਨੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਦੇ ਫਾਇਦਿਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਅਤੇ ਕੇ ਵੀ ਕੇ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕੀਤੇ ਯਤਨਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਣਕ, ਸਰੋਂ, ਛੋਲੇ ਅਤੇ ਗਰਮੀ ਰੁੱਤ ਦੀ ਮੂੰਗੀ ਅਤੇ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਡਾ ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ, ਕੇ. ਵੀ. ਕੇ, ਨੇ ਪਰਾਲੀ ਦੀ ਸਾਂਭ-ਸੰਭਾਲ ਵਾਲੀ ਮਸੀ਼ਨਰੀ ਦੇ ਨਾਲ ਨਾਲ ਝੋਨਾ ਲਾਉਣ ਵਾਲੀ ਮਸ਼ੀਨਰੀ ਬਾਰੇ ਵੀ ਜਾਣਕਾਰੀ ਦਿੱਤੀ। ਡਾਕਟਰ ਅਸ਼ੋਕ ਕੁਮਾਰ ਨੇ ਕਣਕ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ, ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਅਤੇ ਮਿੱਟੀ ਅਤੇ ਪਾਣੀ ਪਰਖ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਅਖੀਰ ਵਿੱਚ ਕਿਸਾਨਾਂ ਨੂੰ ਪੀ ਏ ਯੂ ਸਮਾਰਟ ਸੀਡਰ ਅਤੇ ਇਸ ਨਾਲ ਬੀਜੀ ਕਣਕ ਦੀ ਪ੍ਰਦਰਸ਼ਨੀ ਦਾ ਦੌਰਾ ਕਰਵਾਇਆ ਗਿਆ ਅਤੇ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਗਏ। ਕਿਸਾਨਾਂ ਨੂੰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਅਤੇ ਪਨੀਰੀਆਂ ਵੀ ਮੁਹੱਈਆ ਕਰਵਾਈਆਂ ਗਈ। ਇਸ ਕੈਂਪ ਵਿੱਚ ਭੁਪਿੰਦਰ ਸਿੰਘ, ਦੀਪ ਸਿੰਘ, ਰਘਬੀਰ ਸਿੰਘ, ਚਮਕੌਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।