ਫੌਜ ਤਾਕਤ ਦੇ ਸਹਾਰੇ ਦੂਸਰੇ ਦੇਸ਼ਾਂ ਤੇ ਬਹੁਤਾ ਚਿਰ ਕਾਬਜ ਰਹਿਣ ਦਾ ਸਮਾਂ ਬੀਤ ਗਿਆ

22

February

2022

ਅੰਮ੍ਰਿਤਸਰ, 22 ਫਰਵਰੀ- ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵੱਲੋ ਜਾਰੀ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਸਾਰ ਅੰਦਰ ਵੱਡੀ ਤਾਕਤਾਂ ਵੱਲੋਂ ਛੋਟੀਆਂ ਨਿਗਲ ਜਾਣ ਸਬੰਧੀ ਬਣੇ ਜੰਗੀ ਮਹੌਲ ਤੇ ਵਿਚਾਰ ਵਿਅਕਤ ਕਰਦਿਆਂ ਕਿਹਾ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧਾਂ ਦਾ ਮਾਮਲਾ ਹਮੇਸ਼ਾ ਹੀ ਸੰਵੇਦਨਸ਼ੀਲ ਰਿਹਾ ਹੈ।ਭਾਰਤ ਸਰਕਾਰ ਚੀਨ ਨਾਲ ਸੰਬੰਧਾਂ ਵਿਚ ਆਏ ਵਿਗਾੜ ਨੂੰ ਸਵੀਕਾਰ ਕਰ ਰਹੀ ਹੈ।ਮਿਊਨਿਖ ਸੁਰੱਖਿਆ ਕਾਨਫਰੰਸ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਨਾਲ ਰਿਸ਼ਤੇ ਬੇਹੱਦ ਮੁਸ਼ਕਿਲ ਦੌਰ ਵਿਚ ਹਨ; ਚੀਨ ਨੇ ਫ਼ੌਜਾਂ ਨੂੰ ਸਰਹੱਦ ਉੱਤੇ ਲਿਆ ਕੇ ਲਿਖ਼ਤ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ।ਉਨ੍ਹਾਂ ਕਿਹਾ ਸਰਹੱਦ ਉੱਤੇ 45 ਸਾਲ ਤੱਕ ਸ਼ਾਂਤੀ ਰਹੀ ਹੈ।1975 ਤੋਂ ਚੀਨ ਦੀ ਸਰਹੱਦ ਉੱਤੇ ਕੋਈ ਫ਼ੌਜੀ ਜਵਾਨ ਸ਼ਹੀਦ ਨਹੀਂ ਹੋਇਆ ਸੀ ਪਰ 15 ਜੂਨ 2020 ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਹਿੰਸਕ ਟਕਰਾਅ ਦੌਰਾਨ ਭਾਰਤ ਦੇ 20 ਫ਼ੌਜੀ ਸ਼ਹੀਦ ਹੋ ਗਏ ਸਨ।ਭਾਰਤ ਦੀ ਵਿਦੇਸ਼ ਨੀਤੀ ਬਾਰੇ ਦੇਸ਼ ਦੇ ਅੰਦਰ ਕਈ ਤਰਾਂ ਦੇ ਸਵਾਲ ਉਠਾਏ ਜਾ ਰਹੇ ਹਨ।ਭਾਜਪਾ ਦੇ ਸੱਤਾ ਵਿਚ ਆਉਣ ਤੋਂ ਪਿੱਛੋਂ ਵਿਰੋਧੀ ਧਿਰਾ ਨਾਲ ਵਿਚਾਰ ਵਟਾਂਦਰਾ ਕਰਨ ਦੀ ਪ੍ਰਥਾ ਕਮਜ਼ੋਰ ਹੋਈ ਹੈ। ਭਾਰਤ ਨੂੰ ਵਿਦੇਸ਼ੀ ਨੀਤੀ ਕੂਟਨੀਤਿਕ ਸਿਆਣਪ ਦੇ ਆਧਾਰਿਤ ਸਿਰਜਣੀ ਚਾਹੀਦੀ ਹੈ। ਭਾਰਤ ਅੰਦਰ ਵੋਟ ਬੈਂਕ ਸਿਆਸਤ ਕਾਰਨ ਬਹੁਤ ਵਾਰ ਗੁਆਂਢੀ ਦੇਸ਼ਾਂ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਯੂਕਰੇਨ ਤੇ ਹਮਲਾ ਕਰਨ ਲਈ ਰੂਸ ਪੱਬਾਂ ਭਾਰ ਹੈ।ਇਸ ਜੰਗ ਨਾਲ ਕੀ ਨੁਕਸਾਨ ਹੋਵੇਗਾ ਉਸ ਸਬੰਧੀ ਯੂਰਪੀਨ ਦੇਸ਼ਾਂ ਨੇ ਜੰਗ ਨੂੰ ਟਾਲਣ ਲਈ ਜਤਨ ਕੀਤੇ ਪਰ ਅਸਫਲ ਰਹੇ।ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ।ਉਨ੍ਹਾਂ ਕਿਹਾ ਹੁਣ ਖ਼ਾਸ ਤੌਰ `ਤੇ ਮੌਜੂਦਾ ਦੌਰ `ਚ ਫ਼ੌਜੀ ਤਾਕਤ ਦੇ ਸਹਾਰੇ ਦੂਸਰੇ ਦੇਸ਼ `ਤੇ ਕਬਜ਼ਾ ਕਰਕੇ ਰੱਖਣ ਦਾ ਯੁੱਗ ਬੀਤ ਗਿਆ ਹੈ।ਇਰਾਕ ਅਤੇ ਅਫ਼ਗ਼ਾਨਿਸਤਾਨ ਅੰਦਰ ਅਮਰੀਕਾ ਦੀ ਹਾਲਤ ਤੋਂ ਇਹ ਅਨੁਮਾਨ ਸੁਭਾਵਿਕ ਹੀ ਲਗਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਯੂਰਪ ਦੇ ਦੇਸ਼ਾਂ ਨੇ ਆਪਸੀ ਟਕਰਾਅ ਦੇ ਬਜਾਇ ਮਿਲਵਰਤਨ ਦਾ ਰਾਹ ਅਪਣਾਇਆ ਤੇ ਯੂਰਪੀਅਨ ਆਰਥਿਕ ਭਾਈਚਾਰਾ, ਸਾਂਝੀ ਕਰੰਸੀ ਅਤੇ ਯੂਰਪੀਅਨ ਸੰਸਦ ਬਣਾਉਣ ਲਈ ਸਹਿਮਤੀ ਕਰ ਲਈ ਅਤੇ ਟਕਰਾਵਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਰਾਹ ਕੱਢ ਲਿਆ।ਬਾਬਾ ਬਲਬੀਰ ਸਿੰਘ ਨੇ ਕਿਹਾ ਭਾਰਤ, ਚੀਨ, ਪਾਕਿਸਤਾਨ ਤੇ ਦੱਖਣੀ ਏਸ਼ੀਆ ਦੇ ਹੋਰ ਗੁਆਢੀ ਦੇਸ਼ਾਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।ਭਾਰਤ ਤੇ ਚੀਨ ਦੀਆਂ ਸਰਕਾਰਾਂ ਨੂੰ ਆਪਸੀ ਗੱਲਬਾਤ ਰਾਹੀਂ ਮੁੱਦੇ ਦਾ ਹੱਲ ਤਲਾਸ਼ਣ ਦਾ ਰਾਹ ਅਪਣਾਉਣਾ ਚਾਹੀਦਾ ਹੈ।