ਭਾਰਤ ਦਾ ਮੁਸਲਿਮ ਸਮਾਜ ਆਈ. ਐਸ. ਆਈ. ਅਤੇ ਐਸ. ਐਫ. ਜੇ. ਵਾਲੇ ਪੰਨੂ ਦੇ ਝਾਂਸੇ ’ਚ ਨਹੀਂ ਆਵੇਗਾ: ਪ੍ਰੋ: ਸਰਚਾਂਦ ਸਿੰਘ ਖਿਆਲਾ

22

February

2022

ਅੰਮ੍ਰਿਤਸਰ, 22 ਫਰਵਰੀ- ਭਾਰਤ ਦਾ ਮੁਸਲਿਮ ਭਾਈਚਾਰਾ ਹਿਜਾਬ ਵਿਵਾਦ ਨੂੰ ਲੈ ਕੇ ‘ਹਿਜਾਬ ਰੈਫਰੈਂਡਮ’ ਅਤੇ ‘ਉਰਦੂਸਤਾਨ’ ਦੀ ਬੇਤੁਕੀ ਮੰਗ ਦਾ ਸੱਦਾ ਦੇਣ ਵਾਲੇ ਅਖੌਤੀ ਸਿੱਖਸ ਫਾਰ ਜਸਟਿਸ ਦੇ ਗੁਰ ਪਤਵੰਤ ਸਿੰਘ ਪੰਨੂ ਦੇ ਝਾਂਸੇ ’ਚ ਨਹੀਂ ਆਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਾਰਤ ਦਾ ਰਵਾਇਤੀ ਦੁਸ਼ਮਣ ਪਾਕਿਸਤਾਨ ਹਮੇਸ਼ਾ ਹੀ ਭਾਰਤ ਵਿਚ ਅਰਾਜਕਤਾ ਫੈਲਾਉਣ ਦੀ ਤਾਕ ਵਿਚ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਕਰਨਾਟਕ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਹਿਜਾਬ ਨੂੰ ਲੈ ਕੇ ਪੈਦਾ ਹੋਈ ਸਥਿਤੀ ਦਾ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਪਾਕਿਸਤਾਨ ਨੇ ਆਪਣੀ ਬਦਨਾਮ ਏਜੰਸੀ ਆਈਐਸਆਈ ਰਾਹੀਂ ਸਿੱਖਸ ਫਾਰ ਜਸਟਿਸ ਦੇ ਗੁਰ ਪਤਵੰਤ ਪੰਨੂ ਨੂੰ ਅੱਗੇ ਕਰਦਿਆਂ ਉਸ ਰਾਹੀਂ ਹਿਜਾਬ ਮੁੱਦੇ 'ਤੇ ਵੀਡੀਓ ਜਾਰੀ ਕਰਾ ਕੇ 'ਹਿਜਾਬ ਰੈਫਰੈਂਡਮ' ਅਤੇ 'ਉਰਦੂਸਤਾਨ' ਲਈ ਮੁਸਲਮਾਨਾਂ ਨੂੰ ਫ਼ੰਡ ਦੇਣ ਦਾ ਲਾਲਚ ਦੇ ਕੇ ਅੱਗ 'ਤੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਸ ਐਫ ਜੇ ਪਾਕਿਸਤਾਨ ਦਾ ਉਹ ਹੱਥ-ਠੋਕਾ ਗਿਰੋਹ ਹੈ ਜਿਸ ਨੂੰ ਆਈ ਐਸ ਆਈ ਦੁਆਰਾ ਪੰਜਾਬ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਬਣਾਇਆ ਗਿਆ ਸੀ, ਜਿਸ ਦੇ 'ਖਾਲਿਸਤਾਨ ਰੈਫਰੈਂਡਮ' ਨੂੰ ਸਿੱਖ ਕੌਮ ਪੂਰੀ ਤਰ੍ਹਾਂ ਰੱਦ ਕਰ ਚੁੱਕੀ ਹੈ। ਪੰਨੂ ਵੱਲੋਂ ਸਿੱਖਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ਦੀਆਂ ਸਾਜ਼ਿਸ਼ਾਂ ’ਚ ਫੇਲ ਹੋਣ ਨਾਲ ਪਾਕਿਸਤਾਨ ਉਸ ’ਤੇ ਨਿਰਾਸ਼ ਹੈ। ਪੰਨੂ ਦੇ ਭਾਰਤੀ ਮੁਸਲਮਾਨਾਂ ਨੂੰ "ਪਾਕਿਸਤਾਨ ਤੋਂ ਸਿੱਖਣ" ਦੇ ਸੱਦੇ 'ਤੇ ਪ੍ਰਤੀਕਰਮ ਦਿੰਦੇ ਹੋਏ, ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕੀ ਪਾਕਿਸਤਾਨ ਤੋਂ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਜ਼ਬਰਦਸਤੀ ਧਰਮ ਪਰਿਵਰਤਨ ਕਰਾਉਣਾ ਗੁਨਾਹ ਨਹੀਂ ਹੈ, ਸਗੋਂ ਸਵਾਬ (ਪੁੰਨ) ਹੈ। ਜਿਸ ਦੇ ਅਧਾਰ ’ਤੇ ਹਿੰਦੂ ਜ਼ਬਰੀ ਧਰਮ ਪਰਿਵਰਤਨ ਬਿੱਲ ਰੱਦ ਕੀਤਾ ਗਿਆ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਹਰ ਸਾਲ ਘਟ ਗਿਣਤੀ ਵਰਗ ਦੀਆਂ ਲਗਭਗ ਇੱਕ ਹਜ਼ਾਰ ਨਾਬਾਲਗ ਲੜਕੀਆਂ ਦਾ ਜ਼ਬਰੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ। ਪੰਨੂ ਸੱਚਮੁੱਚ ਹੀ ਇੱਕ ਸੱਚਾ ਸਿੱਖ ਹੈ, ਤਾਂ ਫਿਰ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਨੱਕ ਅੜਾਉਣ ਦੀ ਬਜਾਏ ਆਪਣੇ ਪਾਕਿਸਤਾਨੀ ਆਕਾਵਾਂ ਤੋਂ ਰੋਜ਼ਾਨਾ ਪਾਕਿਸਤਾਨ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ, ਜਬਰ ਜ਼ੁਲਮ ਅਤੇ ਬਲਾਤਕਾਰ ਬਾਰੇ ਸਵਾਲ ਕਿਉਂ ਨਹੀਂ ਕਰ ਰਿਹਾ? ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਨੂੰ ਉਹ ਅਧਿਕਾਰ ਹਾਸਲ ਹਨ ਜੋ ਪਾਕਿਸਤਾਨ ’ਚ ਉਨ੍ਹਾਂ ਦੇ ਹਮ ਮਜ਼੍ਹਬ ਔਰਤਾਂ ਨੂੰ ਵੀ ਹਾਸਲ ਨਹੀਂ । ਅੱਜ ਭਾਰਤੀ ਮੁਸਲਿਮ ਔਰਤਾਂ ਅਦਾਲਤ ਜਾਏ ਬਿਨਾ ਤਲਾਕ ਲੈ ਸਕਦੀਆਂ ਹਨ। ਕੀ ਭਾਰਤੀ ਮੁਸਲਿਮ ਭਾਈਚਾਰੇ ਦੀ ਵਕਾਲਤ ਕਰਨ ਵਾਲੇ ਪੰਨੂ ਨੂੰ ਮਲਾਲਾ ਯੂਸਫ਼ਜ਼ਈ ਯਾਦ ਨਹੀਂ ਹੈ, ਜਿਸ ਨੂੰ ਪਾਕਿਸਤਾਨ ਵਿਚ ਕੁੜੀਆਂ ਦੀ ਸਿੱਖਿਆ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਬਦਲੇ ਸਵਾਤ ਘਾਟੀ ਵਿੱਚ ਸਕੂਲ ਤੋਂ ਪਰਤਦੇ ਸਮੇਂ ਰੂੜ੍ਹੀਵਾਦੀ ਕੱਟੜਪੰਥੀਆਂ ਵੱਲੋਂ ਗੋਲੀ ਮਾਰੀ ਗਈ। ਪਾਕਿਸਤਾਨ ’ਚ ਅੱਜ ਵੀ ਮਲਾਲਾ ਸਮੇਤ ਉਨ੍ਹਾਂ ਇਸਤਰੀਆਂ ਪ੍ਰਤੀ ਨਫ਼ਰਤ ਅਤੇ ਨਕਾਰਾਤਮਿਕ ਸੋਚ ਕਿਉਂ ਹੈ, ਜੋ ਔਰਤਾਂ ਦੇ ਜੁਰਮ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰ ਰਹੀਆਂ ਹਨ। ? ਕੀ ਅੱਜ ਵੀ ਪਾਕਿਸਤਾਨ ਵਿੱਚ ਕੁੜੀਆਂ ਦੇ ਸਿੱਖਿਆ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਨਹੀਂ ਹੋ ਰਹੀ? ਕੀ ਪੰਨੂ ਨੂੰ ਪਾਕਿਸਤਾਨ ਵਿਚ ਕੁੜੀਆਂ ਦੇ ਸੈਂਕੜੇ ਸਕੂਲਾਂ ਦੀ ਤਬਾਹੀ ਅਤੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀਆਂ ਨਾਬਾਲਗ ਲੜਕੀਆਂ ਦੇ ਅਗਵਾ, ਬਲਾਤਕਾਰ ਅਤੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਨਜ਼ਰ ਨਹੀਂ ਆਉਂਦੀਆਂ? ਭਾਰਤੀ ਵਿੱਦਿਅਕ ਅਦਾਰਿਆਂ ਵਿੱਚ ਡਰੈੱਸ ਕੋਡ ਹੋਣਾ ਚਾਹੀਦਾ ਹੈ ਜਾਂ ਪਸੰਦ ਦੇ ਪਹਿਰਾਵੇ 'ਤੇ ਛੋਟ ਹੋਣੀ ਚਾਹੀਦੀ ਹੈ ਆਦਿ ਬਹਿਸ ਦਾ ਵਿਸ਼ਾ ਹੋ ਸਕਦਾ ਹੈ, ਪਰ ਪਾਕਿਸਤਾਨ ਜਾਂ ਐਸਐਫਜੇ ਦਾ ਇਸ ਸਭ ਨਾਲ ਕੀ ਲੈਣਾ ਦੇਣਾ ਹੈ? "ਅੱਜ ਹਿਜਾਬ 'ਤੇ ਪਾਬੰਦੀ, ਕੱਲ੍ਹ ਅਜ਼ਾਨ ਤੇ ਫਿਰ ਕੁਰਾਨ ਦੀ ਵਾਰੀ ਹੋਵੇਗੀ" ਕਹਿਣਾ ਪੰਨੂ ਦੇ ਮਾਨਸਿਕ ਅਸੰਤੁਲਨ ਦਾ ਸਪਸ਼ਟ ਸੰਕੇਤ ਹੈ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਹਿਜਾਬ ਭਾਰਤ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਕਰਨਾਟਕ ਦੀ ਮਾਨਯੋਗ ਹਾਈਕੋਰਟ ਨੇ ਖ਼ੁਦ ਆਪਣੇ ਹੱਥ ਲਿਆ ਹੋਇਆ ਹੈ | ਇਸੇ ਲਈ ਧਰਮ ਦੇ ਨਾਂ 'ਤੇ ਮੁਸਲਮਾਨਾਂ ਨੂੰ ਵਰਗਲਾਉਣ 'ਤੇ ਲੱਗੇ ਪੰਨੂ ਦੀ ਦਾਲ ਇੱਥੇ ਵੀ ਨਹੀਂ ਗਲਣ ਵਾਲੀ। ਭਾਰਤੀ ਕਾਨੂੰਨ ਅਤੇ ਵਿਵਸਥਾ ਮੁਸਲਿਮ ਲੜਕੀਆਂ ਨੂੰ ਇਫਾਜ਼ਤ ਦੇਣ ਲਈ ਵਚਨਬੱਧ ਹੈ। ਭਾਰਤ ਵਿੱਚ ਕਿਸੇ ਵੀ ਘੱਟ ਗਿਣਤੀ ਦੇ ਧਾਰਮਿਕ ਵਿਸ਼ਵਾਸ ਅਤੇ ਮੁਸਲਮਾਨਾਂ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ ਹੈ। ਨਾ ਹੀ ਭਾਰਤ ਵਿੱਚ ਮੁਸਲਿਮ ਭਾਈਚਾਰਾ ‘ਉਰਦੂਸਤਾਨ’ ਵਾਂਗ ਵੱਖਵਾਦ ਬਾਰੇ ਸੋਚਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ। ਇਸ ਲਈ ਪੰਨੂ, ਆਈ ਐਸ ਆਈ ਅਤੇ ਪਾਕਿਸਤਾਨ ਦਾ ਹਿਜਾਬ ਵਿਵਾਦ ਨੂੰ ਹਵਾ ਦੇ ਕੇ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਨਾ ਤਾਂ ਸਫਲ ਹੋਣ ਵਾਲੀ ਹੈ ਨਾ ਹੀ ਰੈਫਰੈਡਮ ਦੇ ਕੋਈ ਅਰਥ ਹਨ।