ਰਾਹੁਲ ਨੂੰ 170 ਕਰੋੜ ਦੀ ਜਾਇਦਾਦ ਵਾਲਾ ਚੰਨੀ ਗਰੀਬ ਨਜ਼ਰ ਆ ਰਿਹੈ: ਭਗਵੰਤ ਮਾਨ

08

February

2022

ਬਠਿੰਡਾ, 8 ਫਰਵਰੀ- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਤਜਵੀਜ਼ਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈ ਕੇ ਤਿੱਖੇ ਸੁਆਲ ਚੁੱਕੇ ਹਨ। ਡੇਰਾ ਮੁਖੀ ਦੀ ਫ਼ਰਲੋ ਨੂੰ ਭਗਵੰਤ ਮਾਨ ਨੇ ਕਾਨੂੰਨੀ ਮਾਮਲਾ ਦੱਸਦਿਆਂ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਨੇ ਲੋਕ ਰਾਇ ਦਾ ਹਵਾਲਾ ਦੇ ਕੇ ‘ਗਰੀਬ ਆਦਮੀ’ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਦੋ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ ਰਹੇ ਸ੍ਰੀ ਚੰਨੀ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ੀਆ ਬਿਆਨ ’ਚ ਆਪਣੀ 170 ਕਰੋੜ ਰੁਪਏ ਦੀ ਜਾਇਦਾਦ ਦੇ ਵੇਰਵੇ ਦਿੱਤੇ ਹਨ। ਰਾਹੁਲ ਗਾਂਧੀ ਦੀਆਂ ਨਜ਼ਰਾਂ ’ਚ ਸ਼ਾਇਦ ਚੰਨੀ ਇਸ ਲਈ ਗਰੀਬ ਹੈ, ਕਿਉਂਕਿ ਖੁਦ ਰਾਹੁਲ ਅਰਬਾਂ ਰੁਪਏ ਦਾ ਮਾਲਕ ਹੈ। ਉਨ੍ਹਾਂ ਆਖਿਆ ਜਿਸ ਦਾ ਭਤੀਜਾ ਈਡੀ ਵੱਲੋਂ 10 ਕਰੋੜ ਰੁਪਏ ਬਰਾਮਦ ਕੀਤੇ ਜਾਣ ਬਾਰੇ ਖੁਦ ਮੰਨ ਰਿਹਾ ਹੈ, ਉਸ ਬਾਰੇ ਸ੍ਰੀ ਚੰਨੀ ਕਹਿੰਦੇ ਹਨ ਕਿ ‘ਮੇਰੇ ਕੋਲੋਂ ਮੇਰੇ ਰਿਸ਼ਤੇਦਾਰਾਂ ’ਤੇ ਨਜ਼ਰ ਨਹੀਂ ਰੱਖੀ ਗਈ’। ਉਨ੍ਹਾਂ ਕਿਹਾ ਕਿ ਜਿਹੜਾ ਆਪਣੇ ਰਿਸ਼ਤੇਦਾਰ ’ਤੇ ਨਜ਼ਰ ਨਹੀਂ ਰੱਖ ਸਕਿਆ, ਉਹ ਪੰਜਾਬ ’ਤੇ ਨਜ਼ਰ ਕਿਵੇਂ ਰੱਖੇਗਾ? ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲਾਂ ’ਚ ਦੋ ਭਿ੍ਸ਼ਟ ਮੁੱਖ ਮੰਤਰੀ ਦਿੱਤੇ। ਪਹਿਲੇ ਨੇ ਪੌਣੇ ਪੰਜ ਸਾਲਾਂ ਦੌਰਾਨ ਲੋਕਾਂ ਲਈ ਤਾਂ ਦੂਰ ਦੀ ਗੱਲ, ਆਪਣਿਆਂ ਲਈ ਵੀ ਦਰ ਬੰਦ ਰੱਖੇ। ਦੂਜੇ ਦੇ ਭਤੀਜੇ ਨੇ ਮੰਨ ਲਿਆ ਕਿ ਉਸ ਕੋਲੋਂ ਬਰਾਮਦ ਹੋਏ 10 ਕਰੋੜ ਰੁਪਏ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਦੇ ਸਨ। ‘ਆਪ’ ਨੂੰ ਵਿਧਾਨ ਸਭਾ ਚੋਣਾਂ ’ਚ ਘੱਟ ਸੀਟਾਂ ਮਿਲਣ ਦੀ ਹਾਲਤ ’ਚ ਕਿਸ ਧਿਰ ਨਾਲ ਸੰਭਾਵੀ ਗੱਠਜੋੜ ਕਰਨ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ 57-58 ਸੀਟਾਂ ’ਤੇ ਜਿੱਤ ਤਾਂ ਸਰਵੇਖਣ ਵੀ ਵਿਖਾ ਰਹੇ ਹਨੇ। ਉਨ੍ਹਾਂ ਨਾਲ ਹੀ ਕਿਹਾ ਕਿ ਵੱਡੀ ਸਿਆਸੀ ਤਬਦੀਲੀ ਲਈ ਲੋਕਾਂ ਦੀ ਤਿਆਰੀ ਤੋਂ ਪੱਕਾ ਯਕੀਨ ਹੈ ਕਿ ਜਿੱਤ ਦਾ ਗ਼ਰਾਫ਼ ਇਨ੍ਹਾਂ ਅੰਕੜਿਆਂ ਤੋਂ ਕਿਤੇ ਉੱਚਾ ਹੋਵੇਗਾ ਅਤੇ ਪਾਰਟੀ ਨੂੰ ਗੱਠਜੋੜ ਦੀ ਕੋਈ ਲੋੜ ਹੀ ਨਹੀਂ ਪੈਣੀ। ਪ੍ਰੈਸ ਕਾਨਫਰੰਸ ਵਿੱਚ ਬਠਿੰਡਾ (ਸ਼ਹਿਰੀ) ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਸੀਨੀਅਰ ਆਗੂ ਅੰਮ੍ਰਿਤ ਅਗਰਵਾਲ ਅਤੇ ਰਾਕੇਸ਼ ਪੁਰੀ ਹਾਜ਼ਰ ਸਨ।