Arash Info Corporation

ਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

06

November

2018

ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਤਿੰਨ ਵਿਅਕਤੀਆਂ ਨੂੰ 200 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਅਵਤਾਰ ਸਿੰਘ ਉਰਫ਼ ਜਗਤਾਰ ਸਿੰਘ ਉਰਫ਼ ਜੱਗਾ ਵਾਸੀ ਪਿੰਡ ਮਾਣਕਪੁਰ ਸ਼ਰੀਫ਼ (ਕੁਰਾਲੀ), ਮੇਜਰ ਸਿੰਘ ਵਾਸੀ ਰਾਣੀ ਮਾਜਰਾ (ਮੁੱਲਾਂਪੁਰ ਗਰੀਬਦਾਸ) ਅਤੇ ਅੰਕੁਸ਼ ਗਾਭਾ ਵਾਸੀ ਸੈਕਟਰ-10, ਪੰਚਕੂਲਾ ਸ਼ਾਮਲ ਹਨ। ਇਨ੍ਹਾਂ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਇਹ ਵਿਅਕਤੀ ਚੰਡੀਗੜ੍ਹ ਤੋਂ ਮੁਹਾਲੀ ਵੱਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਆ ਰਹੇ ਹਨ। ਇਸ ਮਗਰੋਂ ਏਐਸਆਈ ਅਵਤਾਰ ਸਿੰਘ ਸੋਹੀ ਦੀ ਅਗਵਾਈ ਹੇਠ ਇੱਥੋਂ ਦੇ ਪੀਟੀਐਲ ਚੌਕ ਨੇੜੇ ਨਾਕਾਬੰਦੀ ਕਰਕੇ ਚੰਡੀਗੜ੍ਹ ਵੱਲੋਂ ਆ ਰਹੀ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ ਅਤੇ ਕਾਰ ਵਿੱਚ ਸਵਾਰ ਮੁਲਜ਼ਮਾਂ ਕੋਲੋਂ 200 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਮੁਲਜ਼ਮ ਅਵਤਾਰ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਕੁਰਾਲੀ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹੈ ਅਤੇ ਇਸ ਮਾਮਲੇ ਵਿੱਚ ਉਸ ਨੂੰ ਅਦਾਲਤ ਵੱਲੋਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਸਮੇਂ ਮੁਲਜ਼ਮ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਹੋਇਆ ਸੀ। ਐਸਪੀ ਨੇ ਦੱਸਿਆ ਕਿ ਮੁਲਜ਼ਮ ਜੱਗਾ ਦਿੱਲੀ ਤੋਂ ਕਿਸੇ ਨਾਇਰੀਜੀਅਨ ਕੋਲੋਂ ਸਸਤੇ ਭਾਅ ਵਿੱਚ ਹੈਰੋਇਨ ਖਰੀਦ ਕੇ ਲਿਆਂਦਾ ਸੀ ਅਤੇ ਮੁਹਾਲੀ ਸਮੇਤ ਟਰਾਈਸਿਟੀ ਵਿੱਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ’ਤੇ ਸਪਲਾਈ ਕਰਦਾ ਸੀ। ਇੰਝ ਹੀ ਮੁਲਜ਼ਮ ਮੇਜਰ ਸਿੰਘ ਨੇ ਦੱਸਿਆ ਕਿ ਉਹ ਕੁੱਝ ਮਹੀਨੇ ਪਹਿਲਾਂ ਹੈਰੋਇਨ ਦਾ ਸੇਵਨ ਕਰਨ ਲੱਗ ਪਿਆ ਸੀ ਅਤੇ ਅੰਕੁਸ਼ ਕੋਲੋਂ ਹੈਰੋਇਨ ਖਰੀਦ ਕੇ ਅੱਗੇ ਵੇਚਦਾ ਸੀ। ਪੁਲੀਸ ਅਨੁਸਾਰ ਮੁਲਜ਼ਮ ਅੰਕੁਸ਼ ਗਾਭਾ ਪਹਿਲਾਂ ਤੋਂ ਹੀ ਹੈਰੋਇਨ ਪੀਣ ਦਾ ਆਦੀ ਹੈ। ਉਹ ਦਿੱਲੀ ’ਚੋਂ ਇੱਕ ਨਾਇਜੀਰੀਅਨ ਕੋਲੋਂ ਹੈਰੋਇਨ ਲਿਆ ਕੇ ਆਪਣੇ ਗਾਹਕਾਂ ਨੂੰ ਵੇਚਦਾ ਸੀ। ਉਹ ਫੇਜ਼-11 ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਮੁਲਜ਼ਮਾਂ ਨੂੰ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

E-Paper

Calendar

Videos