ਕੈਨੇਡਾ ਦੀ ਰਾਜਧਾਨੀ ’ਚ ਕਰੋਨਾ ਪਾਬੰਦੀਆਂ ਤੇ ਟੀਕਾਕਰਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ, ਟਰੂਡੋ ਪਰਿਵਾਰ ‘ਅੰਡਰਗਰਾਊਂਡ’

02

February

2022

ਟੋਰਾਂਟੋ, 2 ਫਰਵਰੀ- ਕੈਨੇਡੀਅਨ ਰਾਜਧਾਨੀ ਓਟਵਾ ਵਿੱਚ ਹਜ਼ਾਰਾਂ ਲੋਕਾਂ ਨੇ ਕੋਵਿਡ-19 ਪਾਬੰਦੀਆਂ ਅਤੇ ਵੈਕਸੀਨ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਅਤੇ ਜਾਣਬੁੱਝ ਕੇ ਪਾਰਲੀਮੈਂਟ ਹਿੱਲ ਦੇ ਆਲੇ-ਦੁਆਲੇ ਆਵਾਜਾਈ ਨੂੰ ਰੋਕ ਦਿੱਤਾ। ਕੁਝ ਪ੍ਰਦਰਸ਼ਨਕਾਰੀਆਂ ਨੇ 'ਨੈਸ਼ਨਲ ਵਾਰ ਮੈਮੋਰੀਅਲ' 'ਤੇ ਪਿਸ਼ਾਬ ਕਰ ਕੇ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ। ਮਹਾਮਾਰੀ ਨਾਲ ਨਜਿੱਠਣ ਦੇ ਆਦੇਸ਼ਾਂ ਖ਼ਿਲਾਫ਼ ਕੈਨੇਡਾ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਦੂਜਿਆਂ ਦੀ ਹਮਦਰਦੀ ਨਹੀਂ ਮਿਲੀ ਹੈ। ਕੈਨੇਡਾ ਵਿੱਚ 80 ਫੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਦੇ ਅਸ਼ਲੀਲ ਵਿਵਹਾਰ ਤੋਂ ਕਈ ਲੋਕ ਨਾਰਾਜ਼ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਓਟਵਾ ਵਿੱਚ ਪ੍ਰਦਰਸ਼ਨਕਾਰੀ ਘੱਟਗਿਣਤੀ ਹਨ। ਪ੍ਰਦਰਸ਼ਨ ਦੌਰਾਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ। ਉਨ੍ਹਾਂ ਦੇ ਦੋ ਬੱਚੇ ਕਰੋਨਾ ਪੀੜਤ ਹਨ ਤੇ ਮੰਗਲਵਾਰ ਨੂੰ ਜਾਂਚ ਰਿਪੋਰਟ ਵਿਚ ਉਨ੍ਹਾਂ ਦੇ ਵੀ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਟਰੂਡੋ ਨੇ ਕਿਹਾ ਕਿ ਉਹ ਠੀਕ ਹਨ। ਕੁਝ ਪ੍ਰਦਰਸ਼ਨਕਾਰੀਆਂ ਨੇ ਅੱਜ ਵੀ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੈਕਸੀਨ ਸਬੰਧੀ ਸਾਰੇ ਹੁਕਮ ਅਤੇ ਹੋਰ ਪਾਬੰਦੀਆਂ ਵਾਪਸ ਨਹੀਂ ਲਈਆਂ ਜਾਂਦੀਆਂ, ਉਦੋਂ ਤੱਕ ਇਹ ਨਹੀਂ ਹਟਣਗੇ।