02
February
2022
ਬਟਾਲਾ, 2 ਫਰਵਰੀ-
ਵਿਧਾਨ ਸਭਾ ਹਲਕਾ ਬਟਾਲਾ ਤੋਂ ਭਾਜਪਾ ਉਮੀਦਵਾਰ ਫ਼ਤਹਿਜੰਗ ਸਿੰਘ ਬਾਜਵਾ ਬਟਾਲਾ ਨੂੰ ਨਾਮਜ਼ਦਗੀ ਭਰਨ ਮਗਰੋਂ ਉਸ ਵੇਲੇ ਝਟਕਾ ਲੱਗਾ, ਜਦੋਂ ਥਾਣਾ ਸਿਟੀ ਨੇ ਉਨ੍ਹਾਂ ਸਣੇ 80-85 ਅਣਪਛਾਤਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਧਾਰਾ 188 ਤਹਿਤ ਮੁਕੱਦਮਾ ਦਰਜ ਕਰ ਦਿੱਤਾ। ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸ੍ਰੀ ਬਾਜਵਾ ਨੂੰ ਭਾਜਪਾ ਵੱਲੋਂ ਟਿਕਟ ਦੇਣ ’ਤੇ ਵੀ ਟਿਕਟ ਦੇ ਕਈ ਚਾਹਵਾਨਾਂ ਨੇ ਇਤਰਾਜ਼ ਕੀਤਾ ਸੀ ਅਤੇ ਬੜੀ ਮੁਸ਼ਕਿਲ ਨਾਲ ਹਾਈਕਮਾਂਡ ਨੇ ਸਾਰੇ ਭਾਜਪਾ ਆਗੂਆਂ ਨੂੰ ਇੱਕਮੁੱਠ ਕਰਕੇ ਸ੍ਰੀ ਬਾਜਵਾ ਨਾਲ ਚੱਲਣ ਲਈ ਮਨਾਇਆ। ਨਾਮਜ਼ਦਗੀ ਭਰਨ ਉਪਰੰਤ ਲੰਘੇ ਦਿਨ ਫ਼ਤਹਿਜੰਗ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਅਤੇ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਸ਼ਹਿਰ ਵਿੱਚ ਨਹਿਰੂ ਗੇਟ ਤੋਂ ਲੈ ਕੇ ਗਾਂਧੀ ਚੌਕ ਤੱਕ ਰੋਡ ਸ਼ੋਅ ਕੀਤਾ ਅਤੇ ਇਸ ਦੌਰਾਨ ਵੱਡੀ ਭੀੜ ਇਕੱਠੀ ਕਰਕੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕੀਤੀ। ਆਬਜ਼ਰਵਰ ਵੱਲੋਂ ਐੱਸਡੀਐੱਮ ਬਟਾਲਾ ਕਮ ਰਿਟਰਨਿੰਗ ਅਧਿਕਾਰੀ ਨੂੰ ਭੇਜੀ ਗਈ ਰਿਪੋਰਟ ’ਤੇ ਰਿਟਰਨਿੰਗ ਅਧਿਕਾਰੀ ਨੇ ਸਿਟੀ ਦੀ ਪੁਲੀਸ ਨੂੰ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ। ਡੀਐੱਸਪੀ ਸਿਟੀ ਦੇਵ ਸਿੰਘ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਦੀਆਂ ਹਦਾਇਤਾਂ ਤਹਿਤ ਥਾਣਾ ਸਿਟੀ ਨੇ ਫਤਹਿਜੰਗ ਸਿੰਘ ਬਾਜਵਾ ਸਣੇ 80-85 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 188 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।