17 ਸਾਲ ਤੋਂ ਲਟਕਦੇ ਸਿਗਨੇਚਰ ਪੁਲ ਦਾ ਕੰਮ ਆਖ਼ਰ ਹੋਇਆ ਪੂਰਾ

03

November

2018

ਨਵੀਂ ਦਿੱਲੀ, ਯਮੁਨਾ ਨਦੀ ਉਪਰ ਵਜ਼ੀਰਾਬਾਦ ਵਿਖੇ ਨਵੇਂ ਬਣੇ ਸਿਗਨੇਚਰ ਬ੍ਰਿਜ’ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 4 ਨਵੰਬਰ ਨੂੰ ਕੀਤਾ ਜਾਵੇਗਾ। ਅੱਜ ਆਖ਼ਰੀ ਜਾਂਚ ਦਾ ਕੰਮ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ। ਸ੍ਰੀ ਸਿਸੋਦੀਆ ਨੇ ਕਿਹਾ ਕਿ ਹੁਣ ਇਕ ਨਵਾਂ ਪੁਲ ਦਿੱਲੀ ਦਾ ‘ਪਛਾਣ ਚਿੰਨ੍ਹ’ ਬਣੇਗਾ। ਉਨ੍ਹਾਂ ਨਾਲ ਦਿੱਲੀ ਦੇ ਵੈਲਫੇਅਰ ਮੰਤਰੀ ਰਾਜਿੰਦਰਪਾਲ ਗੌਤਮ, ਸੀਨੀਅਰ ‘ਆਪ’ ਆਗੂ ਦਲੀਪ ਪਾਂਡੇ, ਵਿਧਾਇਕਾਂ ਚੌਧਰੀ ਫ਼ਤਹਿ ਸਿੰਘ, ਸੰਜੀਵ ਝਾਅ, ਸ੍ਰੀਦੱਤ ਸ਼ਰਮਾ, ਹਾਜੀ ਮੁਹੰਮਦ, ਇਸ਼ਰਾਕ ਖ਼ਾਂ ਪੰਕਜ ਪ੍ਰਾਸ਼ਰ ਸਮੇਤ ਡੀਟੀਸੀ ਦੇ ਮੈਨੇਜਰ ਸ੍ਰੀ ਚੰਦ ਸ਼ਰਮਾ, ਮੁੱਖ ਇੰਜੀਨੀਅਰ ਸ਼ਸਿਹੀਰ ਬੰਸਲ ਹਾਜ਼ਰ ਸਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਇਹ ਨਵਾਂ ਪੁਲ ਦਿੱਲੀ ਦਾ ‘ਲੈਂਡਮਾਰਕ’ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਇਸ ਪੁਲ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਆਵਾਜਾਈ ’ਚ ਸੌਖ ਆਵੇਗੀ, ਲੋਕਾਂ ਦਾ ਸਮਾਂ ਬਚੇਗਾ ਤੇ ਪ੍ਰਦੂਸ਼ਣ ਘਟੇਗਾ। ਜ਼ਿਕਰਯੋਗ ਹੈ ਇਸ ਪੁਲ ਦੇ 22 ਮੀਟਰ ਉੱਚੇ ਸਥਾਨ ਤੋਂ ਇਲਾਕੇ ਦਾ ਨਜ਼ਾਰਾ ਦੇਖਿਆ ਜਾ ਸਕੇਗਾ ਜੋ ਨਵੀਂਆਂ ਸੈਲਾਨੀ ਸੰਭਾਵਨਾਵਾਂ ਪੈਦਾ ਕਰੇਗਾ। ਇਹ ਯੋੋਜਨਾ 17 ਸਾਲਾਂ ਵਿੱਚ ਲਟਕਦੀ ਲਟਕਦੀ ਹੁਣ ਪੂਰੀ ਹੋਈ ਹੈ ਜਿਸ ਉਪਰ ਰਾਜਨੀਤੀ ਵੀ ਬਹੁਤ ਹੋਈ ਸੀ ਪ੍ਰੰਤੂ ਹੁਣ ਜਾ ਕੇ ਇਸ ਦਾ ਕੰਮ ਮੁਕੰਮਲ ਹੋਇਆ ਹੈ।