ਰਾਫ਼ਾਲ ਮਾਮਲਾ: ਯੂਥ ਕਾਂਗਰਸ ਵੱਲੋਂ ਮੋਦੀ ਦੀ ਨਿਵਾਸ ਵੱਲ ਮਾਰਚ

03

November

2018

ਨਵੀਂ ਦਿੱਲੀ, ਇੰਡੀਅਨ ਯੂਥ ਕਾਂਗਰਸ ਵੱਲੋਂ ਰਾਫ਼ਾਲ ਸਮਝੌਤੇ ਬਾਰੇ ਆਏ ਨਵੇਂ ਖੁਲਾਸਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ ਤੇ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲੀਸ ਨੇ ਤੁਗ਼ਲਕ ਰੋਡ ਨੇੜੇ ਰੋਕ ਲਿਆ। ਯੂਥ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਵੱਲੋਂ ਰਾਫ਼ਾਲ ਸੌਦੇ ਬਾਰੇ ਸੀਲ ਬੰਦ ਲਿਫਾਫ਼ੇ ਵਿੱਚ ਵੇਰਵੇ ਪਾਏ ਗਏ ਪਰ ਜਨਤਕ ਨਹੀਂ ਕੀਤੇ ਜਾ ਰਹੇ। ਆਗੂਆਂ ਮੁਤਾਬਕ ਦੂਜਾ ਖੁਲਾਸਾ ਇਹ ਹੋਇਆ ਕਿ ਫਰਾਂਸ ਦੀ ਕੰਪਨੀ ਵੱਲੋਂ 284 ਕਰੋੜ ਇੱਕ ਘਾਟੇ ਵਿੱਚ ਚੱਲ ਰਹੀ ਕੰਪਨੀ ਨੂੰ ਦਿੱਤੇ ਗਏ ਜਿਸ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ‘ਪਹਿਲੀ ਕਿੱਕਬੈੱਕ’ ਗਰਦਾਨਿਆ ਹੈ। ਯੂਥ ਆਗੂਆਂ ਨੇ ਰੇਸ ਕੋਰਸ ਰੋਡ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਵੱਲ ਮਾਰਚ ਸ਼ੁਰੂ ਕੀਤਾ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਡੱਕ ਲਿਆ। ਪੁਲੀਸ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕਰਕੇ ਮੰਦਰ ਮਾਰਗ ਥਾਣੇ ਲੈ ਗਈ। ਯੂਥ ਮੀਤ ਪ੍ਰਧਾਨ ਸ੍ਰੀਨਿਵਾਸ ਨੇ ਕਿਹਾ ਕਿ ਰਾਫ਼ਾਲ ਸੌਦੇ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਹੋਇਆ ਹੈ ਤੇ ਕਾਂਗਰਸ ਵੱਲੋਂ ਅਜਿਹੇ ਆਗੂਆਂ ਨੂੰ ਨੰਗਾ ਕੀਤਾ ਜਾਵੇਗਾ। ਯੂਥ ਵਿੰਗ ਦੇ ਕੌਮੀ ਪ੍ਰਧਾਨ ਕੇਸ਼ਵ ਚੰਦਰ ਯਾਦਵ ਨੇ ਕਿਹਾ ਕਿ ਜੇ ਇਸ ਸੁਰੱਖਿਆ ਸਮਝੌਤੇ ਵਿੱਚ ਕੁਝ ਵੀ ਗ਼ਲਤ ਨਹੀਂ ਹੋਇਆ ਤਾਂ ਕੇਂਦਰ ਸਰਕਾਰ ਵੱਲੋਂ ਅਦਾਲਤ ਵਿੱਚ ਬੰਦ ਲਿਫਾਫ਼ਾ ਵੇਰਵੇ ਕਿਉਂ ਦਿੱਤੇ ਜਾ ਰਹੇ ਹਨ। ਯਾਦਵ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਰਾਫ਼ਾਲ ਸਮਝੌਤੇ ਬਾਰੇ ਕੋਈ ਠੋਸ ਜਾਣਕਾਰੀ ਨਾ ਦਿੱਤੀ ਤਾਂ ਯੂਥ ਵਿੰਗ ਵੱਲੋਂ ਕੌਮੀ ਪੱਧਰ ‘ਤੇ ਧਰਨੇ ਦੇ ਕੇ ਪ੍ਰਧਾਨ ਮੰਤਰੀ ਨੂੰ ਕਾਨੂੰਨ ਸਾਹਮਣੇ ਲਿਆਂਦਾ ਜਾਵੇਗਾ। ਇਸ ਮੌਕੇ ਕਾਂਗਰਸੀ ਕਾਰਕੁਨਾਂ ਨੇ ਹੱਥਾਂ ਵਿੱਚ ਰਾਫ਼ਾਲ ਹਵਾਈ ਜਹਾਜ਼ ਦੇ ‘ਕੱਟ ਆਊਟ’ ਫੜੇ ਹੋਏ ਸਨ ਤੇ ਕਈ ਕਾਰਕੁਨਾਂ ਨੇ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ ਮਖੌਟੇ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।