ਕਿਸਾਨ ਮੋਰਚੇ ਨੂੰ ਇਕ ਪ੍ਰੈਸ਼ਰ ਗਰੁੱਪ ਹੀ ਬਣਿਆ ਰਹਿਣਾ ਚਾਹੀਦਾ ਸੀ, ਚੋਣਾਂ 'ਚ ਹਿੱਸਾ ਲੈਣਾ ਪ੍ਰਭਾਵ ਘਟਾਏਗਾ -ਡਾ: ਕੇਹਰ ਸਿੰਘ

10

January

2022

ਫਗਵਾੜਾ 10 ਜਨਵਰੀ (ਅਸ਼ੋਕ ਸ਼ਰਮਾ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ 'ਪੰਜਾਬ ਕਿਸਾਨ ਮੋਰਚਾ ਅਤੇ ਚੋਣ' ਦੇ ਵਿਸ਼ੇ ਤੇ ਕਰਵਾਏ ਗਏ ਵੈਬੀਨਾਰ ਵਿੱਚ ਮੁੱਖ ਬੁਲਾਰੇ ਡਾ: ਕੇਹਰ ਸਿੰਘ ਨੇ ਕਿਸਾਨ ਮੋਰਚੇ ਦੀ ਚੋਣਾਂ ਵਿੱਚ ਸ਼ਮੂਲੀਅਤ ਬਾਰੇ ਕਈ ਪ੍ਰਕਾਰ ਦੇ ਖਦਸ਼ੇ ਜ਼ਾਹਿਰ ਕੀਤੇ। ਉਹਨਾ ਕਿਹਾ ਕਿ ਕਿਸਾਨ ਮੋਰਚਿਆਂ ਨੇ ਜਿਹੜੀ ਜੰਗ ਜਿੱਤੀ ਉਸ ਦਾ ਸਾਰੀਆਂ ਰਾਜਸੀ ਪਾਰਟੀਆਂ ਤੇ ਇੱਕ ਵੱਡਾ ਪ੍ਰੈਸ਼ਰ ਬਣਿਆ ਸੀ। ਇਹ ਪ੍ਰੈਸ਼ਰ ਗਰੁੱਪ ਨੂੰ ਪ੍ਰੈਸ਼ਰ ਗਰੁੱਪ ਹੀ ਬਣਿਆ ਰਹਿਣਾ ਚਾਹੀਦਾ ਸੀ। ਗਰੁੱਪ ਸੰਘਰਸ਼ ਸਮੇਂ ਜਿਹੜਾ ਪ੍ਰਭਾਵ ਸੀ ਉਹ ਹੁਣ ਨਹੀਂ ਰਿਹਾ। ਹੁਣੇ ਹੀ ਕਈ ਮਹੱਤਵਪੂਰਨ ਗਰੁੱਪ ਇਸ ਪਾਰਟੀ ਨਾਲੋਂ ਵੱਖਰੇ ਹੋ ਗਏ ਹਨ। ਜੇਕਰ ਇਹ ਪਾਟੋ-ਧਾੜ ਇਹਨਾ ਵਿੱਚ ਚਲਦੀ ਰਹੀ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਪ੍ਰਭਾਵ ਨੇਗੈਟਿਵ ਹੋ ਜਾਵੇਗਾ। ਇਹਨਾ ਸਿਆਸੀ ਪਾਰਟੀਆਂ ਬਣਾਉਣ ਵਿੱਚ ਕਾਹਲੀ ਕੀਤੀ, ਜਿਹੜੀ ਕਿ ਵਗੈਰ ਵਿਊਤਬੰਦੀ ਤੋਂ ਬਣਾਈ ਗਈ ਹੈ। ਇਸ ਬਾਰੇ ਜ਼ਮੀਨੀ ਅਸਲੀਅਤ ਅਜੇ ਤੱਕ ਵੀ ਲੋਕਾਂ ਵਿੱਚ ਸਪਸ਼ਟ ਨਹੀਂ ਹੈ। ਸਿਆਸੀ ਧਿਰ ਵਿੱਚ ਪੰਜਾਬ ਦੇ ਖਾਸੇ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਕਿਸਾਨ ਸੰਘਰਸ਼ ਨਾਲ ਪੰਜਾਬ ਦਾ ਸਾਰਾ ਸਮਾਜ ਖੜਾ ਸੀ ਪਰ ਕੁਝ ਥੋੜੇ ਜਿਹੇ ਲੋਕਾਂ ਦਾ ਵਿਰੋਧ ਵੀ ਸੀ। ਹੁਣ ਜਦੋਂ ਇਹ ਸਿਆਸੀ ਧਿਰ ਵਿੱਚ ਆ ਗਏ ਹਨ ਤਾਂ ਸ਼ਹਿਰੀ ਹਿੰਦੂ ਵੋਟ ਢਿੱਡੋ ਇਹਨਾ ਨਾਲ ਨਹੀਂ ਖੜੇਗੀ। ਇਹਨਾ ਦੀ ਵੋਟ ਬੈਂਕ ਸਿਰਫ਼ ਜੱਟ ਵੋਟ ਤੱਕ ਸੀਮਤ ਹੋ ਜਾਵੇਗੀ। ਪੇਂਡੂ ਮਜ਼ਦੂਰ ਤੇ ਬੇਜ਼ਮੀਨੇ ਲੋਕਾਂ ਦੀ ਵੋਟ ਵੀ ਵੰਡੀ ਜਾਵੇਗੀ ਭਾਵੇਂ ਉਹ ਵੀ ਸਭ ਸੰਘਰਸ਼ ਨਾਲ ਹਮਦਰਦੀ ਰੱਖਦੇ ਰਹੇ ਹਨ। ਇਹਨਾ ਦੀਆਂ ਵੋਟਾਂ ਸਿਰਫ਼ ਇੱਕ ਵਰਗ ਤੱਕ ਹੀ ਸੀਮਤ ਹੋ ਜਾਣਗੀਆਂ। ਜਿਹੜੀ ਤਬਦੀਲੀ ਕਿਸਾਨ ਮੋਰਚਾ ਚਾਹੁੰਦਾ ਹੈ ਸ਼ਾਇਦ ਉਹ ਆ ਨਹੀਂ ਸਕੇਗੀ। ਪ੍ਰੈਸ਼ਰ ਗਰੁੱਪ ਤੇ ਸਿਆਸੀ ਗਰੁੱਪ ਦੀ ਕਾਰਜ ਸ਼ੈਲੀ ਵਿੱਚ ਬਹੁਤ ਭਿੰਨਤਾ ਹੁੰਦੀ ਹੈ। ਕਿਸਾਨ ਮੋਰਚੇ ਦਾ ਪ੍ਰੈਸ਼ਰ ਮੋਦੀ ਦੀ ਹੈਂਕੜਬਾਜੀ ਦੇ ਵਿਰੋਧ ਵਿੱਚ ਬਣਿਆ ਸੀ। ਮੋਰਚੇ ਨੂੰ ਜਿਹੜੀ ਪ੍ਰਸਿੱਧੀ ਮਿਲੀ ਸੀ ਉਹ ਸ਼ਾਇਦ ਇਹਨਾ ਗਰੁੱਪਾਂ ਦੀ ਸਿਆਸਤ ਨੂੰ ਮਿਲਦੀ ਨਜ਼ਰ ਨਹੀਂ ਆਉਂਦੀ। ਹੋਰ ਪਾਰਟੀਆਂ ਵਾਂਗ ਇਹਨਾ ਤੇ ਵੀ ਪੈਸਿਆਂ ਦੇ ਦੋਸ਼ ਲਗਣਗੇ। ਜਿਹਨਾ ਸਿਆਸੀ ਪਾਰਟੀਆਂ ਨਾਲ ਇਹਨਾ ਦਾ ਮੁਕਾਬਲਾ ਹੈ ਉਹ ਹਰ ਤਰ੍ਹਾਂ ਖਾਸ ਹਨ। ਉਹਨਾ ਇਹ ਵੀ ਸਪਸ਼ਟ ਕੀਤਾ ਕਿ ਕਿਸਾਨ ਗਰੁੱਪਾਂ ਵਿੱਚ ਵੀ ਖੱਬੀਆਂ ਪਾਰਟੀਆਂ ਦੇ ਲੀਡਰ ਵੀ ਸਨ ਉਹ ਹੀ ਕਿਸਾਨ ਯੂਨੀਅਨ ਬਣੇ ਸਨ। ਸਿਆਸੀ ਧਿਰ ਵਿੱਚ ਕੋਈ ਵੀ ਕਿਸੇ ਨਾਲ ਘੱਟ ਨਹੀਂ ਗੁਜ਼ਾਰਦਾ ਸਗੋਂ ਮਾੜੇ ਤੋਂ ਮਾੜਾ ਢੰਗ ਵਰਤਦਾ ਹੈ। ਹੁਣ ਕਿਸਾਨ ਵੀ ਉਹਨਾ ਲਈ ਇੱਕ ਧਿਰ ਬਣ ਗਏ ਹਨ। ਇਹਨਾ ਨੂੰ ਵੀ ਹਰ ਤਰ੍ਹਾਂ ਦੇ ਦੂਸ਼ਣਾ ਦਾ ਸਾਹਮਣਾ ਕਰਨਾ ਪਵੇਗਾ। ਜਿਹੜਾ ਕਿ ਪਹਿਲੇ ਪ੍ਰਭਾਵ ਨੂੰ ਖ਼ਤਮ ਕਰ ਦੇਵੇਗਾ। ਪੰਜਾਬ ਦੀ ਪੱਗ ਦੀ ਸ਼ਾਨ ਜਿਹੜੀ ਕਿਸਾਨ ਸੰਘਰਸ਼ ਨੇ ਬਣਾਈ ਸੀ ਉਹ ਸਿਆਸੀ ਧਿਰ ਵਿੱਚ ਕਾਇਮ ਰੱਖਣ ਬਾਰੇ ਖ਼ਦਸ਼ੇ ਹਨ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਵੈਬੀਨਾਰ ਨੂੰ ਅੱਗੇ ਤੋਰਦਿਆਂ ਜੀ.ਐਸ.ਗੁਰਦਿੱਤ ਅਤੇ ਕੇਹਰ ਸ਼ਰੀਫ਼(ਜਰਮਨੀ) ਨੇ ਕਿਹਾ ਕਿ ਇਹਨਾ ਨੂੰ ਸਿੱਧੇ ਤੌਰ 'ਤੇ ਚੋਣ ਲੜਨ ਦੀ ਬਜਾਏ ਚੰਗੇ ਲੋਕਾਂ ਦੀ ਮਦਦ ਕਰਕੇ ਸਿਆਸੀ ਧਿਰ ਵਿੱਚ ਵੀ ਆਪਣਾ ਦਬਾਓ ਕਾਇਮ ਰੱਖਣਾ ਚਾਹੀਦਾ ਸੀ। ਖਟਿਆ ਹੋਇਆ ਨਾਮਣਾ ਇਹ ਸਿਆਸੀ ਵਿਰੋਧਤਾਈਆਂ ਖ਼ਤਮ ਕਰ ਦੇਣਗੀਆਂ। ਇਹਨਾ ਨੂੰ ਪ੍ਰੈਸ਼ਰ ਗਰੁੱਪ ਬਣੇ ਰਹਿਣਾ ਚਾਹੀਦਾ ਸੀ। ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਸਿਆਸਤ ਵਪਾਰ ਬਣ ਚੁੱਕੀ ਹੈ। ਪੰਜਾਬ ਵਿੱਚ ਅਜੋਕੀ ਸਿਆਸਤ ਹਰ ਪਿੜ ਵਿੱਚ ਫੇਲ੍ਹ ਹੋਈ ਹੈ। ਭਾਵੇਂ ਚੰਗੇ ਚੇਹਰੇ ਇਸ ਧਿਰ ਵਿੱਚ ਆਉਣੇ ਚਾਹੀਦੇ ਹਨ ਪਰ ਖ਼ਦਸ਼ਾ ਇਹ ਹੈ ਕਿ ਜੇਕਰ ਚੰਗੇ ਬੰਦੇ ਵੀ ਉਹੀ ਕੰਮ ਕਰਨ ਲੱਗੇ ਤਾਂ ਬਦਨਾਮੀ ਖੱਟਣਗੇ। ਇਹਨਾ ਨੂੰ ਕਿਸੇ ਅਹੁਦੇ ਲਈ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ, ਸਗੋਂ ਪੰਜਾਬ ਦੇ ਬਚਾਅ ਲਈ ਖੜਨਾ ਚਾਹੀਦਾ ਹੈ। ਇਸ ਤਰ੍ਹਾਂ ਰਵਿੰਦਰ ਚੋਟ ਨੇ ਆਖਿਆ ਕਿ ਚੋਣਾਂ ਇਹਨਾ ਕਿਸਾਨ ਜੱਥੇਬੰਦੀਆਂ ਨੂੰ ਪੱਕੇ ਤੌਰ 'ਤੇ ਵੰਡ ਦੇਣਗੀਆਂ। ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ। ਅਗਲੀ ਲੜਾਈ ਲਈ ਇਹ ਮੁੜ ਇਕੱਠੇ ਨਹੀਂ ਹੋ ਸਕਣਗੇ। ਇਸ ਦਾ ਲਾਭ ਦੂਸਰੀਆਂ ਧਿਰਾਂ ਨੂੰ ਜਾਵੇਗਾ। ਡਾ: ਐਸ.ਐਲ.ਵਿਰਦੀ ਅਤੇ ਕੰਵਲਜੀਤ ਜਵੰਦਾ ਨੇ ਆਖਿਆ ਕਿ ਸੰਘਰਸ਼ ਮੋਰਚੇ ਦੀ ਚੰਗੀ ਕਾਰਗੁਜ਼ਾਰੀ ਕਾਰਨ ਲੋਕ ਚਾਹੁੰਦੇ ਸਨ ਕਿ ਇਹੀ ਲੀਡਰਸ਼ਿਪ ਸਿਆਸੀ ਧਿਰਾਂ ਵਿੱਚ ਵੀ ਚੰਗਾ ਕੰਮ ਕਰਨ। ਉਹਨਾ ਕਿਸਾਨਾਂ ਦੀ ਨਵੀਂ ਪਾਰਟੀ ਦੀ ਮਦਦ ਕਰਨ ਦਾ ਵੀ ਸੁਝਾਅ ਦਿੱਤਾ, ਕਿਉਂਕਿ ਇਹ ਪਾਰਟੀ ਰਵਾਇਤੀ ਪਾਰਟੀਆਂ ਦਾ ਬਦਲ ਬਣਨ ਵੱਲ ਇੱਕ ਕਦਮ ਹੈ । ਅੰਤ ਵਿੱਚ ਡਾ: ਕੇਹਰ ਸਿੰਘ ਨੇ ਹੋਰ ਬੁਲਾਰਿਆਂ ਵਲੋਂ ਉਠਾਏ ਗਏ ਨੁਕਤਿਆਂ ਦੇ ਤਸੱਲੀਬਖ਼ਸ਼ ਜੁਆਬ ਦਿੱਤੇ। ਵੈਬੀਨਾਰ ਵਿੱਚ ਰਵਿੰਦਰ ਚੋਟ, ਜੀ.ਐਸ ਗੁਰਦਿੱਤ, ਗੁਰਚਰਨ ਨੂਰਪੁਰ, ਪਰਵਿੰਦਰਜੀਤ ਸਿੰਘ, ਬੰਸੋ ਦੇਵੀ, ਐਡਵੋਕੇਟ ਐਸ.ਐਲ. ਵਿਰਦੀ, ਜਨਕ ਦੁਲਾਰੀ, ਸਰਬਜੀਤ ਕੌਰ, ਗਿਆਨ ਸਿੰਘ ਡੀਪੀਆਰਓ, ਕੰਵਲਜੀਤ ਜੰਵਦਾ ਆਦਿ ਬਹੁਤ ਸਾਰੇ ਅਲੋਚਕ, ਬੁੱਧੀਜੀਵੀ ਅਤੇ ਲੇਖਕ ਹਾਜ਼ਰ ਸਨ।