ਪ੍ਰਧਾਨ ਮੰਤਰੀ ਵੱਲੋਂ ’ਵੀਰ ਬਾਲ ਦਿਵਸ’ ਦਾ ਐਲਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਢੁਕਵੀਂ ਸ਼ਰਧਾਂਜਲੀ :

10

January

2022

ਗੁਰਮਤਿ ਵਿਚਾਰਧਾਰਾ ਜਿੱਥੇ ਸਾਂਝੀਵਾਲਤਾ ਨੂੰ ਪ੍ਰਣਾਈ ਹੋਈ ਹੈ ਉੱਥੇ ਹੀ ਜਬਰ ਜ਼ੁਲਮ ਦਾ ਟਾਕਰਾ ਕਰਨ ਪ੍ਰਤੀ ਮਨੁੱਖ ਨੂੰ ਸੇਧ ਵੀ ਪ੍ਰਦਾਨ ਕਰਦੀ ਆਈ ਹੈ। ਹਿੰਦੁਸਤਾਨ ਦੀ ਸਰਜ਼ਮੀਨ ਤੋਂ ਮਾਨਵਤਾ ਅਤੇ ਭਾਰਤ ਵਾਸੀਆਂ ਲਈ ਜੋ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਪੰਥ ਨੇ ਘਾਲਣਾਵਾਂ ਘਾਲੀਆਂ ਅਤੇ ਸ਼ਹਾਦਤਾਂ ਦਿੱਤੀਆਂ ਉਸ ਗੌਰਵਸ਼ਾਲੀ ਇਤਿਹਾਸ ਤੋਂ ਜਾਣੂ ਕਰਾਉਣ ’ਚ ਭਾਰਤੀ ਹਕੂਮਤਾਂ ਦੀ ਨਕਾਰਾਤਮਿਕ ਮਾਨਸਿਕਤਾ ਪ੍ਰਤੀ ਸਿੱਖ ਪੰਥ ਨੂੰ ਹਮੇਸ਼ਾਂ ਹੀ ਰੋਸ ਰਿਹਾ। ਭਾਰਤ ਦੇ ਸਕੂਲਾਂ ਵਿਚ ਸਿੱਖ ਇਤਿਹਾਸ ਨੂੰ ਸਹੀ ਅਰਥਾਂ ਵਿਚ ਨਾ ਪੜਾਏ ਜਾਣ ਦੇ ਇਤਰਾਜ਼ ਦੂਰ ਕਰਦਿਆਂ ਸਿੱਖਾਂ ਦੀ ਦੇਸ਼ ਸਮਾਜ ਪ੍ਰਤੀ ਵੱਡੀ ਭੂਮਿਕਾ ਨੂੰ ਵਿਸ਼ਵ ਸਾਹਮਣੇ ਦ੍ਰਿਸ਼ਟੀਗੋਚਰ ਕਰਨ ਦੇ ਉਦੇਸ਼ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਅਵਸਰ 'ਤੇ ਇਸ ਵਰ੍ਹੇ ਤੋਂ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਹੈ। ਇਹ ਭਾਰਤ ਸਰਕਾਰ ਦੀ ਧਰਮ ਦੇ ਨੇਕ ਸਿਧਾਂਤਾਂ ਤੋਂ ਭਟਕਣ ਦੀ ਬਜਾਏ ਮੌਤ ਨੂੰ ਤਰਜੀਹ ਦੇਣ ਵਾਲੇ ਸਾਹਿਬਜ਼ਾਦਿਆਂ ਦੇ ਸਾਹਸ ਅਤੇ ਉਨ੍ਹਾਂ ਦੀ ਨਿਆਂ ਦੀ ਖੋਜ ਪ੍ਰਤੀ ਢੁਕਵੀਂ ਸ਼ਰਧਾਂਜਲੀ ਹੈ। ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਮਾਤਾ ਗੁਜਰੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਬਲ ਬਖ਼ਸ਼ਦੇ ਹਨ। ਉਹ ਕਦੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕੇ। ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਬਾਰੇ ਜਾਣਨਾ ਦਾ ਅਧਿਕਾਰ ਹੈ। ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਦਾ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਤੋਂ ਇਲਾਵਾ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ, ਸਾਹਿਤਕਾਰਾਂ ਤੇ ਪ੍ਰਚਾਰਕਾਂ ਨੇ ਵਧ ਚੜ ਕੇ ਸਵਾਗਤ ਕੀਤਾ ਹੈ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਸਿਆਸੀ ਅਕਾਵਾਂ ਨੂੰ ਖ਼ੁਸ਼ ਕਰਨ ਹਿਤ ਨਾਮਕਰਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਦੁੱਧ ’ਚ ਕਾਂਜੀ ਘੋਲਨ ਦੀ ਤਾਕ ਲਾਏ ਬੈਠੇ ਹਨ। 'ਵੀਰ ਬਾਲ ਦਿਵਸ' ਭਾਵ ’ਸੂਰਬੀਰ ਬੱਚਿਆਂ ਦਾ ਦਿਵਸ’। ਉਨ੍ਹਾਂ ਨੂੰ ਇਹ ਇਤਰਾਜ਼ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਨਾਲ ਜੋੜ ਕੇ ’ਵੀਰ ਬਾਲ ਦਿਵਸ’ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਮੇਚ ਨਹੀਂ ਹੈ। ਦਲੀਲ ਇਹ ਦਿੰਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਸੰਬੋਧਨ ਸਮੇਂ ’’ਬਾਬਾ’’ ਸ਼ਬਦ ਨਾਲ ਸਤਿਕਾਰ ਦਿੱਤਾ ਜਾਂਦਾ ਹੈ। ਭਾਵ ਕਿ ਸਾਹਿਬਜ਼ਾਦੇ ’ਬਾਲ’ ਨਹੀਂ ’ਬਾਬੇ’ ਹਨ। ਦਲੀਲ ਇਹ ਵੀ ਦਿੰਦੇ ਹਨ ਕਿ ਬਾਲ ਕਹਿ ਕੇ ਸਾਹਿਬਜ਼ਾਦਿਆਂ ਨੂੰ ਆਮ ਬਚਿਆਂ ਦੀ ਸ਼੍ਰੇਣੀ ਵਿਚ ਲਿਆਉਣਾ ਚਾਹੁੰਦੇ ਹਨ। ਕੋਈ ਇਨ੍ਹਾਂ ਤੋਂ ਪੁੱਛੇ ’ਦੱਸੋ ਬਾਈ ਕਿਹੜੇ ਆਮ ਸਧਾਰਨ ਬੱਚੇ ਦਾ ਦੇਸ਼ ਪੱਧਰ ’ਤੇ ਦਿਹਾੜਾ ਮਨਾਇਆ ਜਾਂਦਾ ਹੈ? । ਸਤਿਗੁਰਾਂ ਦੇ ਲਾਲਾਂ ਪ੍ਰਤੀ ’ਬਾਲ’ ਸ਼ਬਦ ’ਤੇ ਹੀ ਇਤਰਾਜ਼ ਹੈ। ਜੇ ਬਾਲ ਸ਼ਬਦ ਨਾਲ ਸਾਹਿਬਜ਼ਾਦਿਆਂ ਦੇ ਮਾਣ ਸਤਿਕਾਰ ’ਚ ਫ਼ਰਕ ਪੈਦਾ ਹੈ ਤਾਂ ਫਿਰ ਯਾਦ ਰੱਖੋ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਅੱਜ ਵੀ ਸਾਡੇ ਲਈ ’ਬਾਲਾ ਪ੍ਰੀਤਮ’ ਹਨ। ਸ੍ਰੀ ਦਸਮੇਸ਼ ਪਿਤਾ ਦੀ ਬਾਲ ਅਵਸਥਾ ਨੂੰ ਚਿਤਰਨ ਸਮੇਂ ਬਾਲਾ ਪ੍ਰੀਤਮ ਅਤੇ ਬਾਲ ਗੋਬਿੰਦ ਰਾਏ ਲਿਖਿਆ ਜਾਂਦਾ ਹੈ। ਸਾਹਿਬਜ਼ਾਦਿਆਂ ਪ੍ਰਤੀ ਇਤਿਹਾਸਕ ਪ੍ਰਮਾਣ ਦੀ ਗਲ ਕਰੀਏ ਤਾਂ ਕਥਾ ਗੁਰੂ ਕੇ ਸੁਤਨ ਕੀ ਵਿਚ ਭਾਈ ਦਨਾ ਸਿੰਘ ਲਿਖਦੇ ਹਨ ਕਿ ’’ਬਾਲ ਬੁਲਾਇ ਲਏ ਜਬ ਹੀ ਤਬ ਆਨ ਅਦਾਲਤ ਬੀਚ ਪਠਾਏ’’ ਇੱਥੇ ਵੀ ਤਾਂ ਸਾਹਿਬਜ਼ਾਦਿਆਂ ਲਈ ’ਬਾਲ’ ਸ਼ਬਦ ਦਾ ਹੀ ਪ੍ਰਯੋਗ ਹੋਇਆ । ਸਤਿਗੁਰਾਂ ਦੇ ’ਬਾਲਾ ਸਾਹਿਬ’ ਦੇ ਨਾਮ ’ਤੇ ਕਈ ਗੁਰਦੁਆਰੇ ਮੌਜੂਦ ਹਨ। ਇਤਿਹਾਸਕ ਦਸਤਾਵੇਜ਼ਾਂ ਅਤੇ ਗੁਰਬਾਣੀ ਨੂੰ ਘੋਖਦੇ ਹਾਂ ਤਾਂ ਇਹ ਪਤਾ ਚਲਦਾ ਹੈ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਬਿਰਤਾਂਤ ਸਿਰਜਣ ਸਮੇਂ ਸਿੱਧਾਂ ਜੋਗੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਕਹਿ ਕੇ ਸੰਬੋਧਨ ਕਰਨ ਦੇ ਕਈ ਪ੍ਰਮਾਣ ਦਿੰਦੇ ਹਨ। ’’ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ॥’’ ’ਸਿਧ ਪੁਛਣ ਸੁਣ ਬਾਲਿਆ ਕੌਣ ਸ਼ਕਤਿ ਤੁਹਿ ਏਥੇ ਲਿਆਈ।’ ( ਜਨਮਸਾਖੀ) ਇੱਥੇ ਹੀ ਬੱਸ ਨਹੀਂ ਗੁਰੂ ਨਾਨਕ ਦੇਵ ਜੀ ਖ਼ੁਦ ਵੀ ਆਪਣੀ ਬਾਣੀ ’ਚ ਇਹ ਤਸਲੀਮ ਕਰਦੇ ਹਨ ਕਿ ਸਿੱਧ ਪੁਰਸ਼ ਆਪ ਜੀ ਨੂੰ ਬਾਲਾ ਕਹਿ ਕੇ ਸੰਬੋਧਿਤ ਹੁੰਦੇ ਸਨ। ਜਿਸ ਦੀ ਮਿਸਾਲ ਸਿਧ ਗੋਸ਼ਟੀ ’ਚ : ’ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥’ ਅਤੇ ’ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥’ ਵਿਚ ਦੇਖਿਆ ਜਾ ਸਕਦਾ ਹੈ। ’ਵੀਰ ਬਾਲ ਦਿਵਸ’ ਦੇ ਐਲਾਨ ਨੂੰ ਸਿੱਖ ਭਾਵਨਾਵਾਂ ਦੀ ਤਰਜਮਾਨੀ ਖ਼ਿਲਾਫ਼ ਗਰਦਾਨਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਅਗਵਾਈ ਕਬੂਲਣ ਦੀ ਗਲ ਹੈ ਤਾਂ ਇਹ ਸਾਫ਼ ਦਿਸ ਆਉਂਦਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕਲ ਹੀ ਪਟਨਾ ਸਾਹਿਬ ਵਿਖੇ ਗੁਰਪੁਰਬ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਦ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਬਾਰੇ ਜਾਣੂ ਕਰਾਇਆ ਗਿਆ ਤਾਂ ਹਾਜ਼ਰ ਸੰਗਤਾਂ ਨੇ ਉਸੇ ਵਕਤ ਭਾਰੀ ਉਤਸ਼ਾਹ ਅਤੇ ਅਨੰਦ ਦੇ ਘਰ ’ਚ ਆਉਂਦਿਆਂ ਜੈਕਾਰਿਆਂ ਦੀ ਗੂੰਜ ਨਾਲ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਐਲਾਨ ਦਾ ਭਰਪੂਰ ਸਵਾਗਤ ਕੀਤਾ। ਸੋ ਇਹ ਕਾਰਜ ਸਿੱਖੀ ਭਾਵਨਾਵਾਂ ਦੇ ਅਨੁਕੂਲ ਹੈ ਜਾਂ ਪ੍ਰਤੀਕੂਲ ਇਹ ਫ਼ੈਸਲਾ ਆਲੋਚਕਾਂ ’ਤੇ ਛੱਡਦਾ ਹਾਂ। ਰਹੀ ਗਲ ਪੰਥਕ ਰਵਾਇਤਾਂ, ਮਾਨਤਾਵਾਂ ਅਤੇ ਵਿਲੱਖਣ ਅਤੇ ਲਾਸਾਨੀ ਸਿੱਖ ਸਰੋਕਾਰਾਂ ਦੀ ਤਾਂ ਪ੍ਰਧਾਨ ਮੰਤਰੀ ਦੇ ਐਲਾਨ ਨਾਲ ਸਿੱਖ ਮਰਯਾਦਾ ਨੂੰ ਕੋਈ ਫ਼ਰਕ ਨਹੀਂ ਪਿਆ। ਕਿਹੜੀ ਪਰੰਪਰਾ ਟੁੱਟੀ ਇਹ ਟਿੱਪਣੀ ਕਾਰ ਹੀ ਦਸ ਸਕਦੇ ਹਨ। ਸੱਚ ਤਾਂ ਇਹੀ ਹੈ ਵਿਰੋਧ ਜਤਾਉਣ ਵਾਲਿਆਂ ਦੇ ਆਕਾਵਾਂ ਦੀਆਂ ਦੁਕਾਨਾਂ ਬੰਦ ਹੋਣ ਕਿਨਾਰੇ ਹਨ। ਕਿਉਂਕਿ ਸ੍ਰੀ ਨਰਿੰਦਰ ਮੋਦੀ ਨੇ ਸਿੱਖ ਮਾਮਲਿਆਂ ਨੂੰ ਹੱਲ ਕਰਨ ਪ੍ਰਤੀ ਲਗਾਤਾਰ ਸੰਜੀਦਗੀ ਦਿਖਾਈ ਹੈ। ਸਮਝ ਯੋਗ ਵਿਚਲੀ ਗਲ ਤਾਂ ਸਿਰਫ਼ ਇਹ ਹੈ ਕਿ ’’ਅਸੀਂ ਚੌਧਰੀ, ਸਾਨੂੰ ਕਿਉਂ ਨਹੀਂ ਪੁੱਛਿਆ ਗਿਆ?’’। ਹੈਰਾਨੀ ਦੀ ਗਲ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਗੁਰਬਾਣੀ ਗੁਰ ਇਤਿਹਾਸ ’ਤੇ ਕਿੰਤੂ ਕਰਨ ਜਾਂ ਸਿਆਸੀ ਦਬਾਅ ਹੇਠ ਮਰਯਾਦਾ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕਦੀ ਵੀ ਆੜੇ ਹੱਥੀਂ ਨਹੀਂ ਲਿਆ। ਸਾਨੂੰ ਇਸ ਸਮੇਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਸੰਬੰਧੀ ਭਾਵ ਪੂਰਤ ਸਾਹਿਤ ਲਿਖ ਕੇ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਵੰਡਣ ਦੇ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ। ਸਿੱਖੀ ਸਿਦਕ ਇਸੇ ਦਾ ਨਾਮ ਹੈ। ਜਿਸ ਦਾ ਦਿਲ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ ਤੇ ਨਾ ਪਸੀਜੇ, ਉਹ ਕਿਸ ਟਾਈਪ ਦਾ ਸਿੱਖ ਹੈ, ਉਹੀ ਜਾਣੇ। ਪ੍ਰਧਾਨ ਮੰਤਰੀ ਦਾ ਇਕ ਇਕ ਸ਼ਬਦ ਸਿੱਖੀ ਪਿਆਰ ਵਿਚ ਵਿੰਨ੍ਹਿਆ ਹੋਇਆ ਹੈ, ਪਾਲਿਟਿਕਸ ਨਹੀਂ ਗੁਰੂ ਪ੍ਰਤੀ ਪਿਆਰ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਹੈ, ਉਨ੍ਹਾਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ ਤੇ ਸਨਮਾਨ ਮਿਲਿਆ ਹੈ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸਨਮਾਨ ਪਹਿਲਾ ਵੀ ਸੀ, ਹੁਣ ਵੀ ਹੈ ਅੱਗੇ ਵੀ ਰਹੇਗਾ। ਪਰ ਮੋਦੀ ਤੋਂ ਇਲਾਵਾ ਤਿੰਨ ਸਦੀਆਂ ਤੋਂ ਕਿਸੇ ਵੀ ਹਕੂਮਤ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਕੁਝ ਨਹੀਂ ਕੀਤਾ। ਇਹ ਕੌਮ ਦੇ ਵਿਰਸੇ ਦੀ ਆਪਣੀ ਕਮਾਈ ਹੈ । ਇਕ ਦਰਜ ਜੋ ਮੋਦੀ ਸਰਕਾਰ ਨੂੰ ਚੇਤੇ ਆਈ ਹੈ। ਪ੍ਰਧਾਨ ਮੰਤਰੀ ਵੱਲੋਂ ਭਾਰਤ ਨੂੰ ਸਿੱਖ ਪੰਥ ਦੀਆਂ ਮਹਾਨ ਕੁਰਬਾਨੀਆਂ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਜੋ ਸੁਨੇਹਾ ਦਿੱਤਾ ਹੈ ਉਹ ਕਾਬਲੇ ਤਾਰੀਫ਼ ਹੈ। ਸਿੱਖ ਭਾਈਚਾਰੇ ਲਈ ਸਾਹਿਬਜ਼ਾਦਿਆਂ ਦੀ ਉਕਤ ਸਨਮਾਨ ਲਈ ਮੋਦੀ ਧੰਨਵਾਦ ਦਾ ਪਾਤਰ ਹੈ। ਮੋਦੀ ਵਾਰ-ਵਾਰ ਸਿੱਖਾਂ ਵੱਲ ਮੂੰਹ ਕਰ ਰਿਹਾ ਹੈ ਤੇ ਕੁਝ ਸਿੱਖ ਸਿਆਸੀ ਮੁਫ਼ਾਦ ਲਈ ਉਸ ਵੱਲ ਪਿੱਠ ਕਰ ਲੈਂਦੇ ਹਨ । ਹਿੰਦੂ ਸਿੱਖਾਂ ਵਿਚ ਦਰਾੜ ਪੈਦਾ ਕਰਨ ਦੀ ਥਾਂ ਪੰਜਾਬ ਅਤੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਸਿੱਖ ਲੀਡਰਸ਼ਿਪ ਦਾ ਕੇਂਦਰ ਸਰਕਾਰ ਨਾਲ ਸੁਖਾਵੇਂ ਸੰਬੰਧ ਜ਼ਰੂਰੀ ਹੈ। ਸਾਨੂੰ ਇਸ ਗਲ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਕਿ ਔਰੰਗਜ਼ੇਬ ਦੇ ਨਾਲ ਲੱਖ ਵਿਰੋਧ ਹੋਣ ਪਰ ਜ਼ਫ਼ਰਨਾਮੇ ਵਿੱਚ ਦਸਮ ਪਿਤਾ ਨੇ ਉਸ ਦੇ ਕੀਤੇ ਚੰਗੇ ਕੰਮਾਂ ਦੀ ਸਿਫ਼ਤ ਵੀ ਕੀਤੀ ਹੈ। ਵਿਰੋਧ ਕਰਕੇ ਹਰ ਗੱਲ ਦਾ ਵਿਰੋਧ ਨਾ ਕਰੀਏ। ਇਹ ਮੋਦੀ ਹੀ ਹੈ ਜਿਸ ਨੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਵੋਟਾਂ ਲੈਣ ਦੇ ਚੱਕਰ ਵਿਚ ਦਿੱਲੀ ਦੇ ਇਕ ਰੋਡ ’ਤੇ ਜ਼ਾਲਮ ਔਰੰਗਜ਼ੇਬ ਦੇ ਨਾਮ ਦਾ 70 ਵਰ੍ਹੇ ਫੱਟਾ ਪੁੱਟ ਛੱਡਿਆ। ਜਿਸ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਗਲ ਕੀਤੀ। ਕਰਤਾਰਪੁਰ ਲਾਂਘਾ ਤਾਮੀਰ ਕਰਾਇਆ, ਕਈ ਸ਼ਤਾਬਦੀ ਗੁਰਪੁਰਬ ਵਿਸ਼ਾਲ ਪੱਧਰ ’ਤੇ ਮਨਾਏ ਗਏ। ਐਨੇ ਬੇਸ਼ੁਕਰੇ ਤੇ ਬੇਈਮਾਨ ਨਾ ਬਣੀਏ ,ਮੋਦੀ ਦੇ ਇਸ ਚੰਗੇ ਕੰਮ ਨੂੰ ਨਫ਼ਰਤ ਦੀ ਤੱਕੜੀ ’ਚ ਪਾ ਕੇ ਹੁੱਜਤਾਂ ਨਾ ਕਰੀਏ ਸਗੋਂ ਮੋਦੀ ਨੂੰ ਉਤਸ਼ਾਹ ਕਰੀਏ ਤਾਂ ਕਿ ਉਸ ਸਿੱਖ ਪੰਥ ਲਈ ਸਹੀ ਫ਼ੈਸਲੇ ਲੈਣ ’ਚ ਮਜ਼ਬੂਤੀ ਮਿਲੇ। ਹੁਣ ਰਾਜਨੀਤੀ ਪਾਸੇ ਧਰ ਦਿਓ, ਸਾਹਿਬਜ਼ਾਦਿਆਂ ਦਾ ਸਨਮਾਨ ਜਿਨ੍ਹਾਂ ਨੂੰ ਚੁੱਭਦਾ ਹੈ, ਉਹ ਸਿੱਖ ਤਾਂ ਹੋ ਹੀ ਨਹੀਂ ਸਕਦੇ। ਸਾਨੂੰ ਉਤਸ਼ਾਹ ਅਤੇ ਚਾਅ ਹੋਣਾ ਚਾਹੀਦਾ ਹੈ ਕਿ ਗੁਰੂ ਦੇ ਲਾਲਾਂ ਦੀ ਘਾਲ ਕਮਾਈ ਦੀ ਸੂਹ ਪ੍ਰਧਾਨ ਮੰਤਰੀ ਦੇ ਇਸ ਅਤਿ ਪਵਿੱਤਰ ਐਲਾਨ ਨਾਲ ਹਿੰਦੁਸਤਾਨ ਦੀ ਧਰਤੀ ਦੇ ਹਰ ਨੁੱਕਰ ਵਿਚ ਪਹੁੰਚੇਗੀ। ( ਪ੍ਰੋ: ਸਰਚਾਂਦ ਸਿੰਘ ਖਿਆਲਾ)