ਪੰਚਾਇਤੀ ਚੋਣਾਂ ਦਸੰਬਰ ਦੇ ਪਹਿਲੇ ਹਫ਼ਤੇ: ਬਾਜਵਾ

03

November

2018

ਜਗਰਾਉਂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਦਸੰਬਰ ਦੇ ਪਹਿਲੇ ਹਫ਼ਤੇ ਕਰਾਈਆਂ ਜਾਣਗੀਆਂ। ਇੱਥੇ ਇਕ ਪ੍ਰਾਈਵੇਟ ਸਕੂਲ ਦੇ ਸਮਾਗਮ ਵਿਚ ਪੁੱਜੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਸਾਰਾ ਕੁਝ ਗਵਾ ਚੁੱਕੇ ਅਕਾਲੀ ਦਲ ਕੋਲ ਕੋਈ ਹੋਰ ਮੁੱਦਾ ਨਹੀਂ ਰਿਹਾ, ਇਸ ਲਈ ਹੁਣ ਅਣਛਪੀਆਂ ਕਿਤਾਬਾਂ ’ਤੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ। ਸਿੱਖ ਕੌਮ ਸਭ ਕੁਝ ਭੁਲਾ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਭੁਲਾ ਸਕਦੀ। ਉਨ੍ਹਾਂ ਆਖਿਆ ਕਿ ਜਿਹੜੀਆਂ ਕਿਤਾਬੀ ਗ਼ਲਤੀਆਂ ਦੀ ਗੱਲ ਸੁਖਬੀਰ ਕਰ ਰਹੇ ਹਨ, ਅਸਲ ਵਿਚ ਉਨ੍ਹਾਂ ਨੂੰ ਉਸ ਬਾਰੇ ਪੂਰਾ ਪਤਾ ਹੀ ਨਹੀਂ ਹੈ, ਕਿਉਂਕਿ ਕਿਤਾਬਾਂ ਤਾਂ ਅਜੇ ਛਪੀਆਂ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਛੋਟੀਆਂ ਗ਼ਲਤੀਆਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿਚ ਵੀ ਹਨ। ਬਰਗਾੜੀ ਕਾਂਡ ਸਬੰਧੀ ਉਨ੍ਹਾਂ ਆਖਿਆ ਕਿ ਉਹ ਅਤੇ ਸਾਰੀ ਸੱਤਾਧਾਰੀ ਧਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਤੇ ਧਰਨੇ ਉਤੇ ਬੈਠੇ ਪੰਥਕ ਆਗੂਆਂ ਦਾ ਸਤਿਕਾਰ ਕਰਦੇ ਹਨ। ਜਿਹੜੀਆਂ ਮੰਗਾਂ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਰੱਖੀਆਂ ਸਨ, ਉਨ੍ਹਾਂ ਵਿਚੋਂ 90 ਫ਼ੀਸਦੀ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ, ਬਾਕੀ ਸਰਕਾਰ ਵੱਲੋਂ ਬਣਾਈ ‘ਸਿੱਟ’ ਦੀ ਰਿਪੋਰਟ ਮਗਰੋਂ ਪੂਰੀਆਂ ਹੋ ਜਾਣਗੀਆਂ। ਪੰਚਾਇਤੀ ਚੋਣਾਂ ਸਬੰਧੀ ਉਨ੍ਹਾਂ ਆਖਿਆ ਕਿ ਔਰਤਾਂ ਦੇ 50 ਫ਼ੀਸਦੀ ਰਾਖਵੇਂਕਰਨ ਕਾਰਨ ਕੁਝ ਜ਼ਰੂਰੀ ਕਾਨੂੰਨੀ ਬਦਲਾਅ ਕਾਰਨ ਚੋਣਾਂ ਲੇਟ ਹੋਈਆਂ ਹਨ, ਚੋਣਾਂ ਦਸੰਬਰ ਦੇ ਪਹਿਲੇ ਹਫ਼ਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ।