ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ : ਸੰਤ ਸੀਚੇਵਾਲ

10

December

2021

ਅਮਰਗੜ੍ਹ,10 ਦਸੰਬਰ(ਹਰੀਸ਼ ਅਬਰੋਲ)-ਜੇਕਰ ਅਸੀਂ ਸੱਚਮੁੱਚ ਹੀ ਗੁਰਬਾਣੀ ਨੂੰ ਪਿਆਰ ਤੇ ਉਸ ਦਾ ਦਿਲੋਂ ਸਤਿਕਾਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ 'ਪਵਨ ਗੁਰੂ ਪਾਣੀ ਪਿਤਾ' ਅਖਦਿਆਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਨਭੌਰਾ ਵਿਖੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਦੇ ਗ੍ਰਹਿ ਵਿਖੇ ਕਰਦਿਆਂ ਉੱਘੇ ਵਾਤਾਵਰਨ ਪ੍ਰੇਮੀ ਤੇ ਧਾਰਮਿਕ ਸ਼ਖ਼ਸੀਅਤ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਅਸੀਂ ਆਕਸੀਜਨ ਬਿਨਾਂ ਤੜਫਦੇ ਤੇ ਮਰਦੇ ਲੋਕਾਂ ਨੂੰ ਖੁਦ ਦੇਖਿਆ ਹੈ ਜੋ ਸਾਨੂੰ ਰੁੱਖਾਂ ਤੋਂ ਮਿਲਦੀ ਹੈ,ਇਸ ਲਈ ਜਿੱਥੇ ਸਾਨੂੰ ਪਾਣੀ ਅਤੇ ਧਰਤੀ ਨੂੰ ਗੰਧਲ਼ਾ ਤੇ ਪਲੀਤ ਹੋਣ ਤੋਂ ਬਚਾਉਣ ਦੀ ਲੋੜ ਹੈ ਉੱਥੇ ਹੀ ਸਾਨੂੰ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਹਰਲੇ ਦੇਸ਼ਾਂ ਵਿਚ ਸਾਫ਼-ਸਫ਼ਾਈ 'ਤੇ ਤੰਦਰੁਸਤੀ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਉਥੋਂ ਦੇ ਲੋਕ ਕੁਦਰਤ ਦੀ ਕਦਰ ਅਤੇ ਨਿਯਮਾਂ ਦੀ ਪਾਲਣਾ ਬੜੀ ਸੰਜੀਦਗੀ ਨਾਲ ਕਰਦੇ ਹਨ ਜਦਕਿ ਅਸੀਂ ਓਨੇ ਹੀ ਲਾ-ਪ੍ਰਵਾਹ ਹਾਂ ਜਿਸ ਦੇ ਗੰਭੀਰ ਨਤੀਜੇ ਅਸੀਂ ਖ਼ਤਰਨਾਕ ਬਿਮਾਰੀਆਂ ਦੇ ਰੂਪ ਵਿਚ ਭੁਗਤ ਰਹੇ ਹਾਂ। ਇਸ ਸਮੇਂ ਜਿੱਥੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਨੇ ਅਪਣੇ ਗ੍ਰਹਿ ਵਿਖੇ ਪਹੁੰਚਣ 'ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਖ਼ੈਰ ਮਕਦਮ ਕੀਤਾ ਉੱਥੇ ਹੀ ਸਮੁੱਚੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਈ ਸੁਖਪਾਲ ਸਿੰਘ ਸੁੱਖਾ ਦਰੋਗੇਵਾਲਾ,ਸਤਵੀਰ ਸਿੰਘ ਸ਼ੀਰਾ ਬਨਭੌਰਾ,ਪਰਮਿੰਦਰ ਸਾਹੀ, ਮਾਸਟਰ ਸੁਖਵੰਤ ਸਿੰਘ, ਆਜ਼ਾਦ ਕਬੱਡੀ ਕਲੱਬ ਦੇ ਅਹੁਦੇਦਾਰ ਤੇ ਪਿੰਡ ਦੇ ਮੋਹਤਵਰ ਹਾਜ਼ਰ ਸਨ ।