’84 ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ

03

November

2018

ਬਟਾਲਾ, 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਨੂੰ ਭਾਵੇਂ 34 ਹੋ ਗਏ ਹਨ, ਪਰ ਉਸ ਮਾੜੇ ਦੌਰ ’ਚੋਂ ਲੰਘੇ ਲੋਕਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਪਿੰਡ ਸੱਖੋਵਾਲ ਦੇ ਜੋਗਿੰਦਰ ਸਿੰਘ ਅਤੇ ਪਿੰਡ ਪੰਡੋਰੀ ਦੇ ਜੋਗਿੰੰਦਰ ਸਿੰਘ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਕਿਵੇਂ ਭੜਕੀ ਭੀੜ ’ਚੋਂ ਛੁੱਟ ਕੇ ਨਿਕਲੇ ਤੇ ਕਈ ਦਿਨ ਭੁੱਖੇ-ਪਿਆਸੇ ਰਹੇ ਸਨ। ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਸੁੰਨ ਹੋ ਜਾਂਦੇ ਹਨ। ਜੋਗਿੰਦਰ ਸਿੰਘ ਪੰਡੋਰੀ, ਗਾਜ਼ੀਆਬਾਦ ਰੇਲਵੇ ਪਲੈਟਫਾਰਮ ’ਤੇ ਹੋਰ ਸਿੱਖਾਂ ਵਾਂਗ ਭੀੜ ਦਾ ਸ਼ਿਕਾਰ ਬਣਿਆ। ਉਹ ਭੀੜ ’ਚੋਂ ਕਿਸੇ ਤਰੀਕੇ ਭੱਜ ਨਿਕਲਿਆ, ਜਿੱਥੇ ਹਫ਼ਤਾ ਭਰ ਗੰਨੇ ਦੇ ਖੇਤਾਂ ਵਿੱਚ ਭੁੱਖੇ-ਪਿਆਸੇ ਨੇ ਦਿਨ ਗੁਜ਼ਾਰੇ। ਉਸ ਦੇ ਦੱਸਣ ਅਨੁਸਾਰ ਉਹ ਪੱਛਮੀ ਬੰਗਾਲ ਦੇ ਜ਼ਿਲ੍ਹਾ ਬੜਦਾਅ (ਨੇੜੇ ਆਸਨਸੋਲ) ਕੋਲਾ ਖਾਣ ’ਚ ਮਜ਼ਦੂਰੀ ਕਰਦਾ ਸੀ। ਉਹ 31 ਅਕਤੂਬਰ 1984 ਨੂੰ ਆਪਣੀ ਧੀ ਦੇ ਵਿਆਹ ਲਈ 50 ਹਜ਼ਾਰ ਰੁਪਏ ਲੈ ਕੇ ਪਿੰਡ ਪੰਡੋਰੀ (ਨੇੜੇ ਘੁਮਾਣ) ਆ ਰਿਹਾ ਸੀ ਤੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਅਣਜਾਣ ਸੀ। ਗੱਡੀ ਅਲਾਹਬਾਦ/ਕਾਨਪੁਰ (ਉਤਰ ਪ੍ਰਦੇਸ਼) ਹੋਣ ਤੋਂ ਬਾਅਦ ਗਾਜ਼ੀਆਬਾਦ ਪੁੱਜ ਗਈ, ਜਿੱਥੇ ਇਕ ਵੱਡੇ ਹਜੂਮ ਨੇ ਰੇਲ ’ਚ ਸਵਾਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਜੋਗਿੰਦਰ ਦੇ ਸਰੀਰ ’ਤੇ ਕਈ ਫੱਟ ਲੱਗੇ। ਉਸ ਨੇ ਜਾਨ ਬਚਾਉਣ ਲਈ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਵੜ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ, ਪੁਲੀਸ ਨੇ ਪਹਿਲੀ ਨਵੰਬਰ ਦੀ ਰਾਤ ਉਸ ਨੂੰ ਕਮਰੇ ’ਚ ਬਾਹਰ ਕੱਢਿਆ। ਉਸ ਨੇ ਪੁਲੀਸ ਜਵਾਨਾਂ ਅੱਗੇ ਤਰਲਾ ਪਾਇਆ ਕਿ ਉਸ ਨੂੰ ਪਾਣੀ ਪੀ ਲੈਣ ਦਿਓ। ਜਦੋਂ ਉਨ੍ਹਾਂ ਸਾਹਮਣੇ ਪਾਣੀ ਪੀਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜ ਨਿਕਲਿਆ। ਉਹ ਪਿੰਡ ਢੋਰਾ (ਜ਼ਿਲ੍ਹਾ ਇਟਾਵਾ) ਦੇ ਗੰਨਿਆਂ ਦੇ ਸੰਘਣੇ ਖੇਤਾਂ ਵਿਚ ਵੜ ਗਿਆ, ਜਿੱਥੇ ਭੁੱਖੇ-ਪਿਆਸੇ ਨੇ 6 ਦਿਨ ਤੇ ਰਾਤਾਂ ਗੁਜ਼ਾਰੀਆਂ। ਉਹ ਭੁੱਖ-ਪਿਆਸ ਲੱਗਣ ’ਤੇ ਗੰਨੇ ਚੂਪ ਲੈਂਦਾ ਰਿਹਾ। ਕਮਾਦ ਦਾ ਮਾਲਕ ਸੇਵਾ ਰਾਮ (ਪਿੰਡ ਢੋਰਾ ਦਾ ਸਰਪੰਚ) ਮਿੱਲ ’ਤੇ ਲਿਜਾਣ ਲਈ ਗੰਨੇ ਕੱਟ ਰਿਹਾ ਸੀ ਕਿ ਉਸ ਨੂੰ ਦੇਖਿਆ ਤੇ ਉਸ ਦੇ ਸਿਰ ਦੇ ਜ਼ਖ਼ਮਾਂ ’ਚੋਂ ਕੀੜੇ ਚੱਲਦੇ ਦੇਖ ਕੇ ਸਰਪੰਚ ਨੇ ਉਸ ’ਤੇ ਤਰਸ ਕਰਦਿਆਂ ਆਪਣੇ ਸਾਈਕਲ ’ਤੇ ਬਿਠਾ ਕੇ ਘਰ ਲਿਆਂਦਾ। ਉਸ ਨੂੰ ਗਰਮ ਪਾਣੀ ਨਾਲ ਨਹਾਇਆ ਤੇ ਡਾਕਟਰ ਬੁਲਾਉਣ ਚਲਿਆ ਗਿਆ, ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਫਿਰ ਸੱਟਾਂ ਮਾਰਨ ਦਾ ਯਤਨ ਕੀਤਾ ਗਿਆ ਤੇ ਸਰਪੰਚ ਦੀ ਸਖ਼ਤ ਚਿਤਾਵਨੀ ਕਾਰਨ ਉਸ ਦਾ ਬਚਾਅ ਹੋਇਆ। ਸਰਪੰਚ ਨੇ ਹਫ਼ਤਾ ਭਰ ਉਸ ਨੂੰ ਘਰ ਰੱਖਿਆ ਤੇ ਮਾਹੌਲ ਸ਼ਾਂਤ ਹੋਣ ’ਤੇ ਘਰ ਭੇਜ ਦਿੱਤਾ। ਇਹੋ ਭਾਣਾ ਪਿੰਡ ਸੱਖੋਵਾਲ ਦੇ ਜੋਗਿੰਦਰ ਸਿੰਘ ਨਾਲ ਵਾਪਰਿਆ। ਉਹ ਹਰਿਆਣਾ ਦੇ ਜ਼ਿਲ੍ਹਾ ਗੁੜਗਾਉਂ ਦੇ ਪਿੰਡ ਡੋੜਾਹੈੜਾ ਵਿਚ ਧਾਗਾ ਮਿੱਲ ’ਚ ਕੰਮ ਕਰਦਾ ਸੀ। ਮਿੱਲ ਦਿੱਲੀ ਦੀ ਜੂਹ ਨਾਲ ਲੱਗਦੀ ਹੈ। ਪਹਿਲੀ ਨਵੰਬਰ ਨੂੰ ਭੀੜ ਨੇ ਫੈਕਟਰੀ ’ਚ ਕੰਮ ਕਰਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਤੇ ਦਰਜਨਾਂ ਪਰਿਵਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜੋਗਿੰਦਰ ਸਿੰਘ ਕਿਸੇ ਤਰ੍ਹਾਂ ਛੁੱਟ ਕੇ ਭੱਜ ਗਿਆ ਤੇ ਜ਼ਮੀਨਦੋਜ਼ ਪਾਈਪਾਂ ’ਚ ਲੁਕ ਗਿਆ। ਉਸ ਦੇ ਦੱਸਣ ਅਨੁਸਾਰ ਭੀੜ ਘੰਟਿਆਂਬੱਧੀ ਉਸ ਦੀ ਉਡੀਕ ਕਰਦੀ ਰਹੀ ਤੇ ਫਿਰ ਅਗਲੇ ਦਿਨ ਵੀ ਉਸ ਨੂੰ ਮਾਰਨ ਲਈ ਆਈ। ਉਹ ਤੀਜੇ ਦਿਨ ਪਾਈਪ ’ਚੋਂ ਨਿਕਲਿਆ ਤੇ ਦੇਖਿਆ ਕਿ ਉਸ ਦੇ ਸਾਰੇ ਸਾਰੇ ਸਾਥੀ ਮਾਰ ਦਿੱਤੇ ਗਏ ਸਨ। ਉਸ ਨੇ ਦੱਸਿਆ ਕਿ ਦਿੱਲੀ ਦਾ ਇਕ ਅਮੀਰ ਸਿੱਖ ਫੈਕਟਰੀ ’ਚ ਆਇਆ ਤੇ ਉਸ ਨੂੰ ਸੁਰੱਖਿਅਤ ਆਪਣੇ ਘਰ ਲੈ ਗਿਆ। ਉਸ ਨੇ ਕਿਹਾ ਕਿ ਉਹ ਤਾਂ ਮੌਤ ਨੂੰ ਝਕਾਨੀ ਦੇ ਕੇ ਬਚ ਗਿਆ, ਪਰ ਸਾਥੀਆਂ ਦੇ ਮਾਰੇ ਜਾਣ ਦਾ ਦੁੱਖ ਅੱਜ ਵੀ ਹੈ।