ਅਕਾਲੀ ਦਲ ਦਾ ਜੰਤਰ-ਮੰਤਰ ’ਤੇ ਧਰਨਾ ਸਿਆਸੀ ਪਾਖੰਡ: ਜਾਖੜ

03

November

2018

ਗੁਰਦਾਸਪੁਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਖ਼ਿਲਾਫ਼ ਭਲਕੇ ਦਿੱਲੀ ਦੇ ਜੰਤਰ-ਮੰਤਰ ਧਰਨਾ ਦੇਣ ਦਿੱਤੇ ਐਲਾਨ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿਆਸੀ ਪਾਖੰਡ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਿੱਚੋਂ ਆਪਣੀ ਪਾਰਟੀ ਨਾਲ ਸਬੰਧਤ ਮੰਤਰੀ ਨੂੰ ਹਟਾਉਣ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਅਕਾਲੀ ਦਲ ਦੀ ਆਗੂ ਕੇਂਦਰ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦਾ ਸੁੱਖ ਮਾਣ ਰਹੀ ਹੈ। ਦੂਜੇ ਪਾਸੇ ਪਾਰਟੀ ਕੇਂਦਰ ਸਰਕਾਰ ਖ਼ਿਲਾਫ਼ ਸਿੱਖ ਕਤਲੇਆਮ ਸਬੰਧੀ ਧਰਨਾ ਦੇਣ ਜਾ ਰਹੀ ਹੈ, ਜੋ ਪੀੜਤ ਪਰਿਵਾਰਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਅਕਾਲੀ ਦਲ ਦੀ ਗੱਲ ਨਹੀਂ ਸੁਣ ਰਹੀ ਤਾਂ ਉਨ੍ਹਾਂ ਨੂੰ ਇਸ ਸਰਕਾਰ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮੁੱਦੇ ’ਤੇ ਰਾਜਨੀਤੀ ਕਰਨ ਦੀ ਬਜਾਏ ਕੇਂਦਰ ਸਰਕਾਰ ਵਿੱਚ ਸੱਤਾ ਸੁੱਖ ਦਾ ਤਿਆਗ ਕਰਕੇ ਭਾਜਪਾ ਸਰਕਾਰ ’ਤੇ ਦਬਾਅ ਬਣਾਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਦਿੱਲੀ ਦੰਗਿਆਂ ਦੀ ਯਾਦ ਚੋਣਾਂ ਦੇ ਨੇੜੇ ਹੀ ਆਉਂਦੀ ਹੈ ਜਦਕਿ ਇਹ ਪਾਰਟੀ ਪਿਛਲੇ ਸਾਢੇ ਚਾਰ ਸਾਲ ਤੋਂ ਕੇਂਦਰ ਸਰਕਾਰ ਵਿਚ ਸੱਤਾ ਸੁੱਖ ਮਾਣ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜ ਸਾਲ ਤੱਕ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਵਾਜਪਾਈ ਸਰਕਾਰ ਵੀ ਕੇਂਦਰ ਵਿੱਚ ਰਹੀ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਖੁਦ ਮੰਤਰੀ ਸਨ, ਪਰ 1984 ਦੇ ਦੰਗਿਆਂ ਦੇ ਕੇਸ ਵਿੱਚ ਕੋਈ ਜਾਂਚ ਨਹੀਂ ਕਰਵਾਈ ਅਤੇ ਸੱਤਾ ਸੁੱਖ ਭੋਗਦੇ ਰਹੇ ਹਨ।