ਖੇਤੀ ਕਾਨੂੰਨਾਂ ਸਬੰਧੀ ਭਾਜਪਾ ਨੇਤਾਵਾਂ ਦੀ ਭੜਕਾਊ ਬਿਆਨਬਾਜ਼ੀ ’ਤੇ ਰੋਕ ਲੱਗੇ: ਮਾਇਆਵਤੀ

22

November

2021

ਲਖਨਊ, 22 ਨਵੰਬਰ- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਹੱਲ ’ਤੇ ਜ਼ੋਰ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਕਥਿਤ ਭੜਕਾਊ ਬਿਆਨਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਬਸਪਾ ਮੁਖੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੱਗਪਗ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਪ੍ਰਵਾਨ ਕਰਨ ਦੇ ਨਾਲ-ਨਾਲ ਉਨ੍ਹਾ ਦੀਆਂ ਕੁਝ ਜਾਇਜ਼ ਮੰਗਾਂ ਦਾ ਹੱਲ ਕਰਨਾ ਵੀ ਜ਼ਰੂਰੀ ਹੈ, ਤਾਂ ਕਿ ਉਹ ਸੰਤੁਸ਼ਟ ਹੋ ਕੇ ਆਪੋ-ਆਪਣੇ ਘਰਾਂ ਨੂੰ ਮੁੜ ਕੇ ਆਪਣੇ ਕੰਮਾਂ ਵਿੱਚ ਫਿਰ ਤੋਂ ਡਟ ਸਕਣ।’’ ਮਾਇਆਵਤੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ, ‘‘ਇਸ ਦੇ ਨਾਲ ਹੀ, ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਦੇ ਵਿਸ਼ੇਸ਼ ਐਲਾਨ ਬਾਰੇ ਕਿਸਾਨਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ, ਭਾਜਪਾ ਨੇਤਾਵਾਂ ਦੀ ਕਥਿਤ ਭੜਕਾਊ ਬਿਆਨਬਾਜ਼ੀ ’ਤੇ ਲਗਾਮ ਲਗਾਉਣ ਦੀ ਲੋੜ ਹੈ। ਜੋ ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਵਜੂਦ ਆਪਣੀ ਭੜਕਾਊ ਬਿਆਨਬਾਜ਼ੀ ਆਦਿ ਨਾਲ ਲੋਕਾਂ ਅੰਦਰ ਸ਼ੱਕ ਦਾ ਮਾਹੌਲ ਪੈਦਾ ਕਰਕੇ ਮਾਹੌਲ ਖਰਾਬ ਕਰ ਰਹੇ ਹਨ।’’ ਮਾਇਆਵਤੀ ਨੇ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਸਬੰਧੀ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਸ਼ਾਕਸ਼ੀ ਮਹਾਰਾਜ ਨੇ ਸ਼ੁੱਕਰਵਾਰ ਨੂੰ ਕਿਹਾ ਸੀ, ‘‘ਕਾਨੂੰਨ ਤਾਂ ਬਣਦੇ ਤੇ ਟੁੱਟਦੇ ਹੀ ਰਹਿੰਦੇ ਹਨ, ਫਿਰ ਵਾਪਸ ਆ ਜਾਣਗੇ, ਦੁਬਾਰਾ ਬਣ ਜਾਣਗੇ, ਕੋਈ ਦੇਰ ਨਹੀਂ ਲੱਗਦੀ।’’