ਫਿਰਕਾਪ੍ਰਸਤੀ- ਵੱਧਦਾ ਸਮਾਜਿਕ ਪਾੜਾ

17

November

2021

ਸਾਡਾ ਦੇਸ਼ ਪੂਰੀ ਦੁਨੀਆ ਚ ਅਪਵਾਦ ਏ, ਜਿੱਥੇ ਆਧੁਨਿਕਤਾ ਤੇ ਸੰਚਾਰ ਕ੍ਰਾਂਤੀ ਤੋਂ ਬਾਅਦ, ਧਾਰਮਿਕ ਕੱਟੜਵਾਦ ਤੇ ਫਿਰਕਾਪ੍ਰਸਤੀ ਕਾਰਨ ਆਪਸੀ ਸਮਾਜਿਕ ਪਾੜਾ ਘੱਟਣ ਦੀ ਥਾਂ, ਵੱਧਿਆ ਏ, ਸਾਡੇ ਦੇਸ਼ ਚ ਚੋਣਾਂ ਦੇ ਸਮੇਂ ਇਕਦਮ ਈ, ਫਿਰਕੂ ਹਾਲਾਤ ਬਦਲ ਜਾਂਦੇ ਨੇਂ। ਦੇਸ਼ ਚ ਹਰੇਕ ਧਰਮ, ਖੇਤਰ ਤੇ ਜਾਤੀ ਚ ਫਿਰਕਾਪ੍ਰਸਤੀ ਚ ਵਾਧਾ ਹੋਇਆ ਹੈ, ਸਾਡਾ ਸੂਬਾ ਪੰਜਾਬ ਵੀ ਧਾਰਮਿਕ ਕੱਟੜਵਾਦ ਤੇ ਫਿਰਕਾਪ੍ਰਸਤੀ ਵੱਲ ਲਗਾਤਾਰ ਵੱਧਦਾ ਜਾਂਦਾ ਪ੍ਰਤੀਤ ਹੋ ਰਿਹਾ ਏ। ਪਿਛਲੇ ਕੁਝ ਕੁ ਸਾਲਾਂ ਚ, ਵੱਡੀਆਂ ਤੇ ਖੇਤਰੀ ਰਾਜਨੀਤਕ ਪਾਰਟੀਆਂ ਦੇ ਨਿੱਜੀ ਹਿੱਤ, ਦੇਸ਼ਵਿਰੋਧੀ ਤਾਕਤਾਂ ਦੇ ਗੁਪਤ ਏਜੰਡੇ, ਪੱਖਪਾਤੀ ਮੀਡੀਆ, ਨੌਜਵਾਨ ਵਰਗ ਦੀ ਨਿਰਪੱਖ ਤੇ ਸੱਚੇ ਸਾਹਿਤ ਤੋਂ ਦੂਰੀ, ਵੋਟਬੈਂਕ ਦੀ ਘਟੀਆ ਰਾਜਨੀਤੀ, ਵੱਖਵਾਦੀਆਂ ਦੇ ਮਨਘੜ੍ਹਤ ਪ੍ਰਚਾਰ ਤੇ ਉਪਰੋਂ ਸੋਸ਼ਲ ਮੀਡੀਆ ਦੇ ਤੜਕੇ ਕਾਰਨ ਸਮਾਜਿਕ ਦੂਰੀ ਚ ਵਾਧਾ ਹੋਇਆ ਏ। ਇੰਨਾਂ ਤਾਕਤਾਂ ਦੇ ਜਾਲ ਚ ਆਏ ਲੋਕ, ਫੇਸਬੁੱਕ, ਵਟਸਐਪ ਤੇ ਯੂ ਟਿਊਬ ਰਾਹੀਂ ਪ੍ਰਾਪਤ ਤੱਥਹੀਣ-ਅਰਥਹੀਣ ਝੂਠੇ ਅਖੌਤੀ ਗਿਆਨ ਨੂੰ, ਹਨੇਰੀ ਵਾਂਗ ਫੈਲਾ ਕੇ, ਆਪਣੇ ਆਪ ਨੂੰ ਸਕੋਲਰ ਸਿੱਧ ਕਰਨ ਹਿੱਤ, ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਚ, ਸਿੱਧਾ-ਅਸਿੱਧਾ ਯੋਗਦਾਨ ਪਾ ਰਹੇ ਹਨ। ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਇੱਥੇ ਚੌਣਾਂ ਜਿੱਤਣ ਦਾ ਰਸਤਾ ਵਿਕਾਸ ਦੀ ਥਾਂ, ਧਾਰਮਿਕ ਸਥਾਨਾਂ ਤੋਂ ਨਿਕਲਦਾ ਏ, ਸਾਡੇ ਦੇਸ਼ ਦੀ ਕਿਸੇ ਵੀ ਰਾਜਨੀਤਕ ਪਾਰਟੀ ਨੂੰ, ਧਰਮ ਦੀ ਰਾਜਨੀਤੀ ਤੋਂ ਅਛੁਤੀ ਨਹੀਂ ਕਿਹਾ ਜਾ ਸਕਦਾ। ਇਸ ਸਮੇਂ ਦੇਸ਼ ਚ ਕਈ ਪ੍ਰਦੇਸ਼ਾਂ ਦੀਆਂ ਚੋਣਾਂ ਸਿਰ ਤੇ ਹਨ ਤਾਂ ਨਫਰਤ ਦਾ ਮਾਹੋਲ ਭੱਖਦਾ ਜਾ ਰਿਹਾ ਏ, ਜਿੱਥੇ ਰਾਸ਼ਟਰੀ ਪਾਰਟੀਆਂ ਦੇ ਵੱਡੇ ਲੀਡਰ ਇਸ ਸਮੇਂ ਆਪਣੀਆਂ ਵਿਵਾਦਤ ਕਿਤਾਬਾਂ ਤੇ ਸੰਪਰਦਾਇਕ ਬਿਆਨਾਂ ਰਾਹੀਂ, ਫਿਰਕਾਪ੍ਰਸਤੀ ਦੀ ਚੰਗਿਆੜੀ ਨੂੰ ਅੱਗ ਚ ਬਦਲ ਰਹੇ ਨੇਂ, ਉਥੇ ਹੀ ਮੀਡੀਆ ਵੀ ਆਪਣੇ ਪੱਖਪਾਤੀ ਰਵੱਈਏ ਕਾਰਨ, ਆਪਣੀ ਸਾਖ ਲਗਾਤਾਰ ਗਿਰਾ ਰਿਹਾ ਹੈ। ਸੱਤਾ ਪ੍ਰਾਪਤੀ ਲਈ, ਆਪਸੀ ਨਫਰਤ ਵਧਾਉਣ ਦਾ ਕੰਮ, ਵੱਡੇ ਰਾਜਨੀਤਕ ਦਲ, ਆਪਣੇ ਆਈ ਟੀ ਸੈਲਾਂ ਤੇ ਹੋਰ ਮੀਡੀਆ ਅਦਾਰਿਆਂ ਰਾਹੀਂ, ਲਗਾਤਾਰ ਪ੍ਰਾਯੋਜਿਤ ਤੇ ਇਕ ਪਾਸੜ ਖਬਰਾਂ ਦਿਖਾ ਕੇ, ਆਮ ਲੋਕਾਂ ਨੂੰ ਭੜਕਾਉਣ ਦਾ ਅਪਵਿੱਤਰ ਕਾਰਜ, ਬੇਸ਼ਰਮੀ ਨਾਲ ਨੇਪਰੇ ਚਾੜਦੇ ਹਨ, ਜਿਸ ਕਾਰਨ ਆਮ ਲੋਕ ਰਾਜਨੀਤਕ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਆਪਸੀ ਵੰਡੀਆਂ ਪਾ ਲੈਂਦੇ ਨੇਂ। ਸਾਡੇ ਦੇਸ਼ ਚ ਇਕ ਹੋਰ ਵੀ ਬਹੁਤ ਵੱਡੀ ਸਮੱਸਿਆ ਏ, ਇੱਥੇ ਧਰਮ-ਨਿਰਪੱਖ ਅਖਵਾਉਣ ਲਈ, ਤੁਹਾਨੂੰ ਕਿਸੇ ਧਰਮ ਵਿਸ਼ੇਸ਼ ਪ੍ਰਤਿ ਸੋਫਟ ਕਾਰਨਰ ਰੱਖਣਾ ਜਰੂਰੀ ਏ, ਨਹੀਂ ਤਾਂ ਤੁਹਾਡੇ ਤੇ ਕਿਸੇ ਧਰਮ ਵਿਸ਼ੇਸ਼ ਦੇ ਧਾਰਮਿਕ ਸੰਗਠਨ ਦੇ, ਕਾਰਜਕਰਤਾ ਹੋਣ ਦਾ ਦੋਸ਼ ਤੁਰੰਤ ਈ ਮੜ੍ਹ ਦਿੱਤਾ ਜਾਵੇਗਾ। ਸਾਡੇ ਦੇਸ਼ ਚ ਜਿੱਥੇ ਸੰਪਰਦਾਇਕਤਾ ਹਰੇਕ ਰਾਜਨੀਤਕ ਪਾਰਟੀ ਦਾ ਸ਼ਿੰਗਾਰ ਏ, ਉਥੇ ਹੀ ਜਿਆਦਾਤਰ ਬੁਧੀਜੀਵੀ ਵਰਗ ਵੀ ਆਪਣੀ ਨਿਜੀ ਪਸੰਦ ਅਨੁਸਾਰ ਹਰੇਕ ਘਟਨਾ ਤੇ ਆਪਣਾ ਸਿਲੈਕਟਿਵ ਪ੍ਰਤੀਕਰਮ ਦਿੰਦੇ ਹਨ, ਕੁਝ ਕੁ ਅਖੌਤੀ ਬੁੱਧੀਜੀਵੀ ਤਾਂ ਰਾਜਨੀਤਕ ਪਾਰਟੀਆਂ ਦਾ ਵਿਰੋਧ ਕਰਨ ਦੀ ਥਾਂ ਦੇਸ਼ ਦਾ ਵਿਰੋਧ ਕਰਨ ਤੀਕ ਜਾ ਰਹੇ ਨੇਂ, ਤਾਂ ਜੋ ਉਹਨਾਂ ਦੀ ਵੱਧ ਤੋਂ ਵੱਧ ਮਸ਼ਹੂਰੀ ਹੋਵੇ। ਪਿੱਛੇ ਜਿਹੇ ਸਾਡੇ ਦੇਸ਼ ਦੀ ਕ੍ਰਿਕਟ ਟੀਮ ਦੇ ਪਾਕਿਸਤਾਨ ਨਾਲ ਹੋਏ ਮੈਚ ਚ, ਪਾਕਿਸਤਾਨ ਦੀ ਟੀਮ ਨੇਂ ਸ਼ਾਨਦਾਰ ਖੇਡ ਰਾਹੀਂ ਭਾਰਤ ਤੇ ਜਿੱਤ ਹਾਸਲ ਕੀਤੀ ਪਰ ਦੇਸ਼ ਚ ਕੁਝ ਕੁ ਘਟੀਆ ਲੋਕ, ਜਿੱਥੇ ਭਾਰਤ ਦੇ ਮਹਾਨ ਤੇਜ ਗੇਂਦਬਾਜ ਮੋਹੰਮਦ ਸ਼ੰਮੀ ਨੂੰ ਟਰੋਲ ਕਰਨ ਲੱਗ ਪਏ, ਉਥੇ ਹੀ ਦੇਸ਼ ਚ ਕੁਝ ਕੁ ਫਿਰਕੂ ਸੋਚ ਦੇ ਲੋਕਾਂ ਨੇਂ, ਪਾਕਿਸਤਾਨ ਦੀ ਜਿੱਤ ਤੇ ਪਟਾਕੇ-ਆਤਿਸ਼ਬਾਜੀ ਚਲਾ ਕੇ, ਸ਼ਰਮਨਾਕ ਦੇਸ਼ ਵਿਰੋਧੀ ਕਾਰਜ ਕਰਦਿਆਂ, ਫਿਰਕਾਪਰਸਤੀ ਦੇ ਬੂਟੇ ਨੂੰ ਪਾਣੀ ਦੇਣ ਦਾ ਕੰਮ ਕੀਤਾ ਹੈ। ਅੱਜ ਕੱਲ੍ਹ ਆਪਣੇ ਆਪ ਨੂੰ ਬੁੱਧੀਜੀਵੀ ਜਾਂ ਗਿਆਨੀ ਸਾਬਤ ਕਰਨ ਲਈ ਪੜ੍ਹੇ-ਲਿਖੇ ਲੋਕ ਵੀ ਜਾਣਬੁੱਝ ਕੇ, ਸਨਸਨੀ ਫੈਲਾਉਣ ਲਈ, ਝੂਠ ਫੈਲਾਉਣ ਦਾ ਕੰਮ ਕਰਦੇ ਨੇਂ। ਲੋਕ ਇਸ ਕਦਰ ਵੰਡੇ ਜਾ ਚੁੱਕੇ ਹਨ ਕਿ ਕਈ ਲੋਕਾਂ ਨੂੰ ਸਰਕਾਰ ਦਾ ਹਰੇਕ ਕੰਮ, ਚੰਗਾ ਲੱਗਣ ਲਈ ਈ ਚੰਗਾ ਲੱਗ ਰਿਹਾ ਏ, ਉੱਥੇ ਹੀ ਵਿਰੋਧੀ ਵਿਚਾਰਧਾਰਾ ਤੋਂ ਸੰਬੰਧਤ ਲੋਕ, ਸਰਕਾਰ ਵੱਲੋਂ ਕੀਤੇ ਬੇਹਤਰੀਨ ਕੰਮਾਂ ਨੂੰ ਵੀ ਲੋਕਵਿਰੋਧੀ ਸਿੱਧ ਕਰਨ ਹਿੱਤ ਕੋਝੀਆਂ ਚਾਲਾਂ ਚੱਲਣ ਤੋਂ ਬਾਜ ਨਹੀਂ ਆਉਂਦੇ। ਆਈ ਟੀ ਸੈਲ ਤੇ ਮੀਡੀਆ, ਜਿਸ ਤਰਾਂ ਨਾਲ ਵੱਖ-ਵੱਖ ਧੜਿਆਂ ਚ ਵੰਡਿਆ ਹੋਇਆ ਏ, ਉਹ ਇੱਕ ਖੁੱਲਾ ਭੇਦ ਏ, ਜੋ ਕਿਸੇ ਤੋਂ ਵੀ ਨੀਂ ਲੁਕਿਆ ਹੈ। ਦੇਸ਼ ਦੇ ਵੱਡੇ-ਵੱਡੇ ਰਾਜਨੀਤਕ ਦਲ ਤੇ ਵੱਡੇ-ਵੱਡੇ ਨੇਤਾ ਸ਼ਰੇਆਮ, ਆਪਣੇ-ਆਪਣੇ ਧਰਮ ਨੂੰ, ਦੂਜੇ ਧਰਮਾਂ ਤੋਂ ਖਤਰਾ ਦੱਸਦਿਆਂ, ਖੁਲ੍ਹ ਕੇ ਧਰਮ ਦੇ ਨਾਂ ਤੇ ਵੋਟਾਂ ਤਾਂ ਬਟੋਰ ਜਾਂਦੇ ਨੇਂ ਪਰ ਇਸ ਪ੍ਰਚਾਰ ਕਾਰਨ, ਆਮ ਲੋਕਾਂ ਚ ਆਪਸੀ ਭਾਈਚਾਰੇ ਨੂੰ ਲਗਾਤਾਰ ਡੂੰਘਾ ਖੋਰਾ ਲੱਗ ਰਿਹਾ ਏ। ਸਾਡੇ ਪੰਜਾਬ ਚ ਆਪਸੀ ਧਾਰਮਿਕ ਸਦਭਾਵਨਾ ਪਿੱਛੇ ਜਿਹੇ ਤੱਕ ਇੰਨੀ ਮਜਬੂਤ ਸੀ ਕਿ ਇੱਕੋ ਘਰ ਚ, ਭਰਾਵਾਂ ਚੋਂ ਈ ਇੱਕ ਭਰਾ, ਦੂਜੇ ਧਰਮ ਦੀ ਪਾਲਣਾ ਕਰਦਾ ਸੀ ਤੇ ਉਸ ਧਰਮ ਦੀ ਰਵਾਇਤਾਂ ਅਨੁਸਾਰ ਈ, ਜੀਵਨ ਬਤੀਤ ਕਰਦਾ ਸੀ, ਉਦੋਂ ਸਾਡੇ ਹਿਰਦੇ ਰਾਜਨੀਤਕ ਪਾਰਟੀਆਂ ਦੀਆਂ ਚਾਲਾਂ ਨਾਲ ਜਾਂ ਚੋਣਵੇਂ ਮੌਕਿਆਂ ਤੇ ਨਹੀਂ ਵਲੂੰਧਰੇ ਜਾਂਦੇ ਸਨ, ਸਗੋਂ ਹਰੇਕ ਧਰਮ ਦੇ ਲੋਕ, ਦੂਜੇ ਧਰਮ ਦੇ ਧਾਰਮਿਕ ਸਥਾਨਾਂ, ਧਾਰਮਿਕ ਤਿਉਹਾਰਾਂ ਤੇ ਰਵਾਇਤਾਂ ਦੀ ਨਿੱਘੀ ਸ਼ਰਧਾ ਨਾਲ ਪਾਲਣਾ ਵੱਡੇ ਪੱਧਰ ਤੇ ਕਰਦੇ ਸਨ ਪਰ ਹੁਣ ਹਾਲਾਤ ਇਹ ਨੇਂ ਕਿ ਰਾਜਨੀਤਕ ਨੇਤਾਵਾਂ ਨੂੰ ਦੂਜੇ ਧਰਮ ਦੇ, ਧਾਰਮਿਕ ਅਸਥਾਨਾਂ ਤੇ ਜਾਣ ਕਰਕੇ ਸ਼ਰੇਆਮ ਟਰੋਲ ਕੀਤਾ ਜਾਂਦਾ ਏ, ਬਹੁਤ ਹੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਏ ਕਿ ਇਕ ਰਾਸ਼ਟਰੀ ਪਾਰਟੀ ਦੇ ਕਾਬਲ ਤੇ ਸੂਝਵਾਨ ਨੇਤਾ ਨੂੰ, ਸੂਬੇ ਦਾ ਮੁੱਖਮੰਤਰੀ ਬਣਾਉਣ ਤੋਂ, ਸਿਰਫ ਇਸ ਲਈ ਇਨਕਾਰ ਕਰ ਦਿਤਾ ਜਾਂਦਾ ਏ, ਕਿਉਂਕਿ ਉਹ ਸੂਬੇ ਦੇ ਬਹੁਸੰਖਿਅਕ ਧਰਮ ਵਿਸ਼ੇਸ਼ ਤੋਂ ਸੰਬੰਧਤ ਨਹੀਂ ਸੀ, ਇਸ ਤੋਂ ਵੀ ਵੱਡੀ ਨਮੋਸ਼ੀ ਦੀ ਗੱਲ ਇਹ ਏ ਕਿ ਸੰਬੰਧਤ ਪਾਰਟੀ ਵੱਲੋਂ, ਸੰਬੰਧਤ ਨੇਤਾ ਨੂੰ ਮੁੱਖ ਮੰਤਰੀ ਨਾਂ ਬਣਾਉਣ ਲਈ ਇਹੀ ਕਾਰਨ ਸਰਵਜਨਕ ਤੋਰ ਤੇ ਦੱਸਿਆ ਵੀ ਜਾਂਦਾ ਏ। ਸਾਰੇ ਹੀ ਧਰਮ ਸਾਨੂੰ ਹਮੇਸ਼ਾ ਨੈਤਿਕਤਾ ਤੇ ਸੱਚ ਤੇ ਕਾਇਮ ਰਹਿਣ ਦੀ ਸੇਧ ਦਿੰਦੇ ਹਨ ਪਰ ਅਸੀਂ ਆਪਣੇ ਧਰਮ ਨੂੰ ਦੂਜੇ ਤੋਂ ਉੱਤਮ ਸਿੱਧ ਕਰਨ ਦੀ ਬੇਤੁੱਕੀ ਦੋੜ ਚ ਲੱਗੇ ਹੋਏ ਹਾਂ, ਅੱਜ ਕੱਲ੍ਹ ਇਕ ਨਵਾਂ ਟਰੇਂਡ ਆਇਆ ਏ, ਦੁਸਰੇ ਧਰਮ ਦੀਆਂ ਜਾਂ ਸਿਰਫ ਇਕ ਵਿਸ਼ੇਸ਼ ਧਰਮ ਦੀਆਂ ਰੂੜੀਆਂ ਨੂੰ ਟਾਰਗੇਟ ਕਰਨ ਦਾ, ਜਦਕਿ ਰੂੜੀਆਂ ਤੇ ਅੰਧਵਿਸ਼ਵਾਸ ਹਰੇਕ ਧਰਮ ਦੇ ਲੋਕਾਂ ਚ ਧੁਰ-ਅੰਦਰ ਤੱਕ ਵੱਸ ਚੁੱਕੀਆਂ ਹਨ। ਆਪਾਂ ਜਿੰਨੇ ਵਿਗਿਆਨਕ ਨਜ਼ਰੀਏ ਨਾਲ ਕਿਸੇ ਹੋਰ ਧਰਮ ਨੂੰ ਦੇਖਦੇ ਆਂ, ਕੀ ਕਦੇ ਆਪਣੇ ਧਰਮ ਨੂੰ ਵੀ ਉਸੇ ਨਜ਼ਰੀਏ ਨਾਲ ਆਪਾਂ ਘੋਖਿਆ ਏ ? ਆਪਾਂ ਜਿੰਨੀ ਸ਼ਰਧਾ ਨਾਲ ਆਪਣੇ ਧਰਮ ਨੂੰ ਵੇਖਦੇ ਆਂ, ਕਦੇ ਦੂਜੇ ਧਰਮ ਨੂੰ ਵੀ ਉਨੀ ਹੀ ਸ਼ਰਧਾ ਨਾਲ ਦੇਖਿਆ ਏ ? ਨਫਰਤ ਦੀ ਅੱਗ ਇਸ ਕਦਰ ਹਾਵੀ ਹੋ ਚੁੱਕੀ ਏ ਜਾਂ ਆਪਣੀ ਸਮਝ ਇਸ ਪੱਧਰ ਤੇ ਹੈ ਕਿ, ਆਪਾਂ ਕਿਸੇ ਪੂਰੇ ਧਰਮ, ਡੇਰੇ, ਸੰਪਰਦਾਇ ਜਾਂ ਮੱਤ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਨਜ਼ਰੀਏ ਨਾਲ ਦੇਖਣ ਲੱਗ ਪਏ ਹਾਂ, ਆਪਾਂ ਨੂੰ ਸਿਰਫ ਵਿਰੋਧ ਲਈ ਵਿਰੋਧ ਜਾਂ ਸਮਰਥਨ ਲਈ ਸਮਰਥਨ ਕਰਨ ਦੀ ਨੀਤੀ ਤੁਰੰਤ ਤਿਆਗਣ ਦੀ ਲੋੜ ਏ। ਦੇਸ਼ ਚ ਪਿੱਛੇ ਜਿਹੇ ਦਿੱਤੇ ਗਏ ਰਾਸ਼ਟਰੀ ਅਵਾਰਡਾਂ ਲਈ ਚੁਣੇ ਗਏ ਲੋਕਾਂ ਚ, ਸਿਰਫ ਇਕ ਚੇਹਰੇ ਤੋਂ ਬਿਨਾਂ ਬਾਕੀ ਜੋ ਲੋਕ ਚੁਣੇ ਗਏ ਹਨ, ਅੱਜ ਤੱਕ ਇੰਨੇ ਬੇਹਤਰੀਨ ਲੋਕ, ਜਿੰਨਾਂ ਮਾਨਵਤਾ ਲਈ, ਇੰਨੇ ਅਸਾਧਾਰਨ ਮਹਾਨ ਕਾਰਜ ਕੀਤੇ, ਉਹਨਾਂ ਗੁਮਨਾਮ ਲੋਕਾਂ ਦੀ ਚੋਣ ਕਰਨ ਲਈ ਸਰਕਾਰ ਦੀ ਜਿੰਨੀ ਤਰੀਫ ਕੀਤੀ ਜਾਵੇ ਘੱਟ ਏ, ਪਰ ਉਸ ਵਿਵਾਦਤ ਚੇਹਰੇ ਦੀ ਚੌਣ ਨੂੰ ਆਪਾਂ ਕਿਸੇ ਵੀ ਤਰੀਕੇ,ਪਹਿਲੇ ਦੀਆਂ ਸਰਕਾਰਾਂ ਤੇ ਉਂਗਲ ਉਠਾ ਕੇ ਜਾਇਜ ਨ੍ਹੀਂ ਠਹਿਰਾ ਸਕਦੇ ਪਰ ਇਸ ਮੁੱਦੇ ਤੇ ਲੋਕਾਂ ਵੱਲੋਂ ਚੋਣਵੇਂ ਪ੍ਰਤੀਕਰਮ ਦਿੰਦਿਆਂ, ਸਿਰਫ ਉਸੇ ਚੇਹਰੇ ਨੂੰ, ਇੰਨੀ ਨਕਾਰਾਤਮਕ ਤਵੱਜੋ ਦੇਣਾ, ਕਿੱਥੋਂ ਤੱਕ ਜਾਇਜ ਏ। ਆਓ ਅਸੀਂ ਸਾਰੇ ਰੱਲ੍ਹ ਕੇ, ਫਿਰਕਾਪ੍ਰਸਤੀ ਦੇ ਗੰਦੇ ਜਾਲ ਚੋਂ ਨਿਕਲਣ ਲਈ ਸੁਹਿਰਦ ਯਤਨ ਕਰੀਏ। ਧਾਰਮਿਕ ਹੋਣ ਤੇ ਆਪਣੇ ਧਰਮ ਪ੍ਰਤਿ ਕੱਟੜਵਾਦ ਦਾ ਸਮਰਥਨ ਕਰਨ ਚ ਬਹੁਤ ਫਰਕ ਏ, ਹਾਲਾਂਕਿ ਸਾਨੂੰ ਸਭ ਨੂੰ ਆਪਣੇ ਧਰਮ ਖਿਲਾਫ ਕੀਤੇ ਜਾਂਦੇ ਝੂਠੇ ਪ੍ਰਚਾਰ ਨੂੰ ਰੋਕਣ ਲਈ ਤੇ ਧਰਮ ਦੀ ਰੱਖਿਆ ਲਈ ਹਰਸੰਭਵ ਯਤਨ ਜਰੂਰ ਕਰਨੇ ਚਾਹੀਦੇ ਨੇਂ, ਪਰ ਸਾਨੂੰ ਦੂਜੇ ਧਰਮ ਦੇ ਖਿਲਾਫ ਘਟੀਆ ਪ੍ਰਚਾਰ ਜਾਂ ਨਫਰਤ ਫੈਲਾਉਣ ਤੋਂ ਬਚਣ ਦੀ ਸਖਤ ਲੋੜ ਏ। ਹਰੇਕ ਧਰਮ, ਖੇਤਰ ਤੇ ਜਾਤੀ ਵਿੱਚ, ਸਮਾਜ ਵਿਰੋਧੀ ਤੇ ਸਮਾਜ ਹਿਤੈਸ਼ੀ ਲੋਕ ਮੌਜੂਦ ਨੇਂ, ਸਾਨੂੰ ਅਨੈਤਿਕ ਲੋਕਾਂ ਤੇ ਉਂਗਲ ਉਠਾਉਣ ਦਾ ਪੂਰਾ ਹੱਕ ਏ ਪਰ ਉਸ ਵਿਅਕਤੀ ਦੇ ਪੂਰੇ ਧਰਮ ਨੂੰ ਟਾਰਗੇਟ ਕਰਨਾ ਚੰਗੀ ਪ੍ਰਵਿਰਤੀ ਨਹੀਂ ਹੈ। ਕੋਈ ਵੀ ਧਰਮ ਨਹੀਂ ਸਗੋਂ ਧਰਮ ਦੇ ਨਾਂ ਤੇ ਪਾਖੰਡ, ਨਫਰਤ, ਆਡੰਬਰ, ਠੱਗੀਆਂ, ਰਾਜਨੀਤੀ ਅਤੇ ਕਾਰੋਬਾਰ ਚਲਾਉਣ ਵਾਲੇ ਲੋਕ ਮਾੜੇ ਹੁੰਦੇ ਹਨ। ਸਾਨੂੰ ਸਭ ਨੂੰ ਹੀ, ਕਿਸੇ ਵੀ ਘਟਨਾ ਤੇ, ਖਾਸਕਰ ਧਾਰਮਿਕ ਘਟਨਾ ਤੇ, ਪ੍ਰਤੀਕ੍ਰਿਆ ਦੇਣ ਤੋਂ ਪਹਿਲਾਂ ਸੱਚ-ਝੂਠ ਤੇ ਹੋਰ ਸਾਰੇ ਤੱਥਾਂ ਤੇ ਧਿਆਨ ਦੇ ਕੇ ਸੰਜਮ ਦੀ ਪਾਲਣਾ ਕਰਨਾ, ਬਹੁਤ ਜਰੂਰੀ ਏ, ਨਹੀਂ ਤਾਂ ਦੇਸ਼ਵਿਰੋਧੀ ਤੇ ਸਮਾਜ ਵਿਰੋਧੀ ਲੋਕ, ਸਾਡੇ ਮਨਾਂ ਚ ਉਹਨਾਂ ਲੋਕਾਂ ਲਈ ਨਫਰਤ ਪੈਦਾ ਕਰ ਦੇਣਗੇ, ਜੋ ਦੇਸ਼ ਤੇ ਸਮਾਜ ਦਾ ਸਰਮਾਇਆ ਹਨ। ਮਜਹਬ ਨਹੀਂ ਸਿਖਾਤਾ, ਆਪਸ ਮੇਂ ਬੈਰ ਰਖਨਾ,, ਹਿੰਦੀ ਹੈਂ ਹਮ ਵਤਨ ਹੈਂ, ਹਿੰਦੋਸਤਾਨ ਹਮਾਰਾ, ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ।-ਇਕਬਾਲ। <ਅਸ਼ੋਕ ਸੋਨੀ, ਕਾਲਮਨਵੀਸ> <ਖੂਈ ਖੇੜਾ, ਫਾਜ਼ਿਲਕਾ> <9872705078>