ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕੱਢਿਆ ਗਿਆ ਅਲੌਕਿਕ ਨਗਰ ਕੀਰਤਨ

17

November

2021

ਲੁਧਿਆਣਾ, 17 ਨਵੰਬਰ ( ) ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਦਿਆ ਹੋਇਆ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਤੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਲੋਕਿਕ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿੱਚ ਕੱਢਿਆ ਗਿਆ। ਜੁਗੋ ਜੁਗ ਅਟੱਲ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋ ਆਰੰਭ ਹੋਏ ਨਗਰ ਕੀਰਤਨ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਤੇ ਫੁੱਲਾਂ ਨਾਲ ਸੱਜੀ ਪਾਲਕੀ ਅੰਦਰ ਸ਼ਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣਾ ਸਤਿਕਾਰ ਸਹਿਤ ਸਿੱਜਦਾ ਭੇਟ ਕੀਤਾ। ਨਗਰ ਕੀਰਤਨ ਵਿੱਚ ਜਿੱਥੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜੱਥੇ ਜਿੱਥੇ ਗੁਰੂ ਸਾਹਿਬ ਵੱਲੋ ਉਚਰੀ ਇਲਾਹੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਉੱਥੇ ਵੱਖ ਵੱਖ ਬੈਡ ਪਾਰਟੀਆਂ ਗੁਰਬਾਣੀ ਦੇ ਸ਼ਬਦਾਂ ਦੀਆਂ ਆਨੰਦਮਈ ਧੁੰਨਾਂ ਵੱਜਾ ਕੇ ਸਮੁੱਚੇ ਮਹੌਲ ਨੂੰ ਅਧਿਆਤਮਕ ਤੇ ਰੁਹਾਨੀਅਤ ਦੀ ਰੰਗਤ ਪ੍ਰਦਾਨ ਕਰ ਰਹੇ ਸਨ।ਦੂਜੇ ਪਾਸੇ ਨਗਰ ਕੀਰਤਨ ਵਿੱਚ ਸ਼ਾਮਲ ਗੱਤਕਾ ਪਾਰਟੀਆਂ ਦੇ ਸੂਰਬੀਰ ਨੌਜਵਾਨ ਤੇ ਬੱਚੇ ਖਾਲਸਾਈ ਬਾਣੇਇਆ ਵਿੱਚ ਤਿਆਰ ਬਰ ਤਿਆਰ ਹੋ ਕੇ ਆਪਣੀ ਸ਼ਸ਼ਤਰ ਕਲਾ ਦੇ ਜੌਹਰ ਸੰਗਤਾਂ ਦੇ ਸਨਮੁੱਖ ਪੇਸ਼ ਕਰਕੇ ਉਨ੍ਹਾਂ ਨੂੰ ਮੰਤਰ ਮੁੰਗਧ ਕਰ ਰਹੇ ਸਨ।ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ,ਸ.ਜਗਦੇਵ ਸਿੰਘ ਕਲਸੀ, ਸ.ਜਗਜੀਤ ਸਿੰਘ ਅਹੂਜਾ, ਸ.ਮਹਿੰਦਰ ਸਿੰਘ ਡੰਗ, ਸ.ਅਤੱਰ ਸਿੰਘ ਮੱਕੜ,ਬਲਜੀਤ ਸਿੰਘ ਬਾਵਾ,ਅਤੇ ਕਮੇਟੀ ਦੇ ਸਮੂਹ ਮੈਬਰਾਂ ਦੇ ਸੁਹਿਰਦ ਉੱਦਮਾਂ ਸਦਕਾ ਕੱਢੇ ਗਏ ਉਕਤ ਨਗਰ ਕੀਰਤਨ ਦਾ ਵੱਖ- ਵੱਖ ਮਾਰਕੀਟਾ ਦੀਆਂ ਐਸੋਸਿਏਸ਼ਨਾ ਦੇ ਅਹੁਦੇਦਾਰਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਗੁਰੂ ਦੇ ਅਟੁੱਟ ਲੰਗਰ ਵੀ ਲਗਾਏ ਗਏ। ਗੁਰਦੁਆਰਾ ਸਾਹਿਬ ਤੋ ਆਰੰਭ ਹੋ ਕੇ ਮਾਡਲ ਟਾਊਨ ਐਕਸਟੈਨਸ਼ਨ ਦੇ ਵੱਖ ਵੱਖ ਬਲਾਕਾਂ ਦੀ ਪ੍ਰਕਰਮਾ ਕਰਦਾ ਹੋਇਆ ਇਹ ਨਗਰ ਕੀਰਤਨ ਵਾਪਸ ਇਸੇ ਅਸਥਾਨ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤ ਹੋਇਆ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ,ਸ.ਹਰਪਾਲ ਸਿੰਘ ਖਾਲਸਾ, ਸ.ਰਜਿੰਦਰ ਸਿੰਘ ਡੰਗ ਤੇ ਆਦਿ ਵੱਲੋਂ ਸਮੂਹ ਸੰਗਤਾਂ, ਸ਼ਬਦੀ ਜੱਥਿਆਂ, ਇਸਤਰੀ ਸਤਿਸੰਗ ਸਭਾਵਾਂ,ਸੇਵਾ ਸੁਸਾਇਟੀਆਂ ਤੇ ਗੱਤਕਾ ਟੀਮਾਂ ਦੇ ਮੈਬਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।