15
November
2021
ਰਾਏਕੋਟ, 15 ਨਵੰਬਰ (ਤੇਜਿੰਦਰ ਰਾਜੋਆਣਾ) ਸਵੀਪ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸੀਨੀਅਰ ਅਧਿਆਪਕਾਂ ਦੀ ਰਹਿਨੁਮਾਈ ਹੇਠ ਟੈਗੋਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ, ਅਜੀਤ ਸਰ ਸਕੂਲ ਰਾਏਕੋਟ ਅਤੇ ਦਵਾਰਕਾ ਨਾਥ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਟੈਗੋਰ ਮਾਡਰਨ ਸਕੂਲ ਤੋਂ ਸੀਨੀਅਰ ਅਧਿਆਪਕਾਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਇਸ ਰੈਲੀ ਦੌਰਾਨ ਲਡ਼ਕਿਆਂ ਵੱਲੋਂ ਪੈਦਲ ਮਾਰਚ ਕਰ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਹੱਥਾਂ ’ਚ ਵੋਟ ਪਾਉਣ ਸਬੰਧੀ ਜਾਗਰੂਕ ਕਰਦੇ ਨਾਅਰਿਆਂ ਵਾਲੀਆਂ ਤਖਤੀਆਂ ਤੇ ਬੈਨਰ ਫਡ਼ੇ ਹੋਏ ਸਨ। ਇਹ ਰੈਲੀ ਟੈਗੋਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਤੋਂ ਸ਼ੁਰੂ ਹੋ ਕੇ ਦਵਾਰਕਾ ਨਾਥ ਸੀਨੀਅਰ ਸੈਕੰਡਰੀ ਸਕੂਲ ਅਤੇ ਅਜੀਤ ਸਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਤਲਵੰਡੀ ਗੇਟ ਤੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ। ਮੁੱਖ ਅਧਿਆਪਕਾ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵੋਟ ਦੀ ਤਾਕਤ ਤੋਂ ਜਾਣੂ ਕਰਵਾਉਂਦਿਆਂ ਪ੍ਰੇਰਨਾ ਦਿੱਤੀ ਕਿ ਲੋਕਤੰਤਰ ਦੀ ਮਜ਼ਬੂਤੀ ਲਈ 18-19 ਸਾਲ ਦੇ ਹਰੇਕ ਨੌਜਵਾਨ ਨੂੰ ਆਪਣਾ ਨਾਂ ਵੋਟਰ ਸੂਚੀ ’ਚ ਦਰਜ ਕਰਵਾ ਕੇ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇਕ-ਇਕ ਵੋਟ ਹੀ ਦੇਸ਼ ਦੇ ਨਿਰਮਾਣ ’ਚ ਯੋਗਦਾਨ ਪਾਉਂਦੀ ਹੈ। ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਅਸੀਂ ਆਪਣੀ ਮਨ-ਪਸੰਦ ਦੀ ਸਰਕਾਰ ਚੁਣ ਸਕਦੇ ਹਾਂ। ਸਵੀਪ ਪ੍ਰੋਗਰਾਮ ਅਧੀਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੋਟਾਂ ਪ੍ਰਤੀ ਜਾਗਰੂਕ ਕਰਦੀ ਬਣਾਈ ਪੇਂਟਿੰਗ, ਸਲੋਗਨ ਰਾਈਟਿੰਗ, ਹਸਤਾਖਰ ਮੁਹਿੰਮ, ਰੰਗੋਲੀ ਆਦਿ ਦਾ ਸੀਨੀਅਰ ਅਧਿਆਪਕਾਂ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਵਿੱਦਿਅਕ ਅਦਾਰਿਆਂ ਨਾਲ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਮੌਜੂਦ ਸਨ।