ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ

15

November

2021

ਰਾਏਕੋਟ, 15 ਨਵੰਬਰ ( ਤੇਜਿੰਦਰ ਰਾਜੋਆਣਾ) ਥਾਣਾ ਸੁਧਾਰ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਰਮਨਪ੍ਰੀਤ ਸਿੰਘ ਅਨੁਸਾਰ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਘੁਮਾਣ ਚੌਂਕ 'ਚ ਸਮੇਤ ਪੁਲਿਸ ਪਾਰਟੀਤਾਇਨਾਤ ਏ.ਐਸ.ਆਈ. ਰਾਜਦੀਪ ਸਿੰਘ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਪਿੰਦਰ ਸਿੰਘ ਹਨੀ ਪੁੱਤਰ ਗੁਰਿੰਦਰ ਸਿੰਘ ਵਾਸੀ ਨਵੀਂ ਆਬਾਦੀ ਅਕਾਲਗੜ੍ਹ ਤੇ ਕਾਰਤਿਕ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨੇੜੇ ਸਿਨੇਮਾ ਹਾਲ ਗਾਰਡ ਰੂਮ ਸੁਧਾਰ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਪਾਰਟੀ ਨੇ ਫੌਰੀ ਕਰਵਾਈ ਕਰਦਿਆਂ ਨਹਿਰ ਪਟੜੀ ਪਿੰਡ ਸੁਧਾਰ 'ਤੇ ਨਾਕਾਬੰਦੀ ਕਰਕੇ ਅੱਗਿਉਂ ਪਲਾਟੀਨਾ ਮੋਟਰਸਾਈਕਲ (ਪੀ.ਬੀ.10.ਜੀ.ਕਿਊ.6612) 'ਤੇ ਸਵਾਰ ਹੋ ਕੇ ਆ ਰਹੇ ਦੋਹਾਂ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 500 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜੋਂ ਕਿ ਉਹ ਅੱਗੇ ਵੇਚਣ ਲਈ ਲਿਜਾ ਰਹੇ ਸਨ। ਪੁਲਿਸ ਨੇ ਮੌਕੇ 'ਤੇ ਹੀ ਦੋਹਾਂ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਸਮੇਤ ਮੋਟਰਸਾਈਕਲ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਥਾਣਾ ਸੁਧਾਰ ਵਿਖੇ ਇਨ੍ਹਾਂ ਕਥਿਤ ਨੌਜਵਾਨ ਤਸਕਰਾਂ ਖਿਲਾਫ਼ ਨਸ਼ਾ ਰੋਕੂ ਐਕਟ ਦੀ ਧਾਰਾ 22,25 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।