ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਜਲਦ ਖੋਲਿਆ ਜਾਵੇ - ਭੁੰਗਰਨੀ

12

November

2021

ਫਗਵਾੜਾ 12 ਨਵੰਬਰ (ਅਸ਼ੋਕ ਸ਼ਰਮਾ) ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਭੁੰਗਰਨੀ ਸਾਬਕਾ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵਲੋਂ ਬੰਦ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਜਲਦ ਖੋਲਿਆ ਜਾਵੇ। ਜਥੇਦਾਰ ਭੁੰਗਰਨੀ ਨੇ ਕੇਂਦਰ ਸਰਕਾਰ ਪਾਸੋਂ ਪੁਰਜੋਰ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦਿਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੀ ਗੁਰੂ ਨਾਨਕ ਨਾਮਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਲਾਂਘਾ ਤੁਰੰਤ ਖੋਲ੍ਹ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੂਰੇ ਸੰਸਾਰ ਵਿਚ ਫੈਲੀ ਕੋਰੋਨਾ ਮਹਾਮਾਰੀ ਸਮੇਂ ਕੇਂਦਰ ਸਰਕਾਰ ਵਲੋਂ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਜਦੋਂ ਮਾਹੌਲ ਸੁਖਾਵਾਂ ਹੋ ਰਿਹਾ ਹੈ ਤਾਂ ਕੇਂਦਰ ਸਰਕਾਰ ਵਲੋਂ ਲਾਂਘਾ ਖੋਲ੍ਹਣ ਬਾਰੇ ਵਿਚਾਰ ਨਾ ਕਰਨਾ ਮੰਦਭਾਗੀ ਗੱਲ ਹੈ ਜਿਸ ਕਰਕੇ ਸੰਗਤਾਂ ਵਿਚ ਭਾਰੀ ਨਿਰਾਸ਼ਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਵੀ ਪੁਰਜੋਰ ਮੰਗ ਕੀਤੀ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਮਾਮਲੇ ਵਿਚ ਦਖਲ ਦਿੱਤਾ ਜਾਵੇ ਅਤੇ ਮੋਦੀ ਸਰਕਾਰ ਨਾਲ ਗੱਲਬਾਤ ਕਰਕੇ ਲਾਂਘੇ ਨੂੰ ਤੁਰੰਤ ਖੁਲ੍ਹਵਾਇਆ ਜਾਵੇ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ ਅਰਸ਼ੀ, ਦਿਹਾਤੀ ਪ੍ਰਧਾਨ ਰਜਿੰਦਰ ਸਿੰਘ ਚੰਦੀ, ਸਾਬਕਾ ਕੋਂਸਲਰ ਠੇਕੇਦਾਰ ਬਲਜਿੰਦਰ ਸਿੰਘ, ਸ਼ਿੰਗਾਰਾ ਸਿੰਘ ਸਰਕਲ ਪ੍ਰਧਾਨ, ਸਾਬਕਾ ਕੌਂਸਲਰ ਪਰਮਜੀਤ ਕੌਰ, ਸਾਬਕਾ ਕੋਂਸਲਰ ਕੁਲਵਿੰਦਰ ਸਿੰਘ ਕਿੰਦਾ, ਰਣਜੀਤ ਸਿੰਘ ਸੰਦਲ, ਅਵਤਾਰ ਸਿੰਘ ਮੰਗੀ, ਗੁਰਦੀਪ ਸਿੰਘ ਖੇੜਾ, ਰਣਜੀਤ ਸਿੰਘ ਜੀਤੀ, ਹਰਦੀਪ ਸਿੰਘ ਦੀਪਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਕੰਬੋਜ, ਨਰਿੰਦਰ ਸਿੰਘ ਗੋਲਡੀ, ਗੁਰਜੀਤ ਸਿੰਘ ਵਿਰਦੀ ਵੀ ਹਾਜਰ ਸਨ।