'ਭਾਰਤ ਨੂੰ 2014 'ਚ ਮਿਲੀ ਆਜ਼ਾਦੀ' : ਕੰਗਨਾ 'ਤੇ ਭੜਕੇ ਨਵਾਬ ਮਲਿਕ, ਬੋਲੇ - ਅਦਾਕਾਰਾ ਨੂੰ ਕਰੋ ਗ੍ਰਿਫ਼ਤਾਰ, ਵਾਪਸ ਲਿਆ ਜਾਵੇ ਪਦਮ ਸ਼੍ਰੀ

12

November

2021

ਮੁੰਬਈ, - : ਮਹਾਰਾਸ਼ਟਰ ਦੇ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਨਵਾਬ ਮਲਿਕ ਨੇ 1947 'ਚ ਭਾਰਤ ਦੀ ਆਜ਼ਾਦੀ ਨੂੰ 'ਭੀਖ' ਜਾਂ ਦਾਨ ਦੱਸਣ ਵਾਲੀ ਅਦਾਕਾਰਾ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਨੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ। ਮਲਿਕ ਨੇ ਕਿਹਾ ਕਿ ਕੇਂਦਰ ਨੂੰ ਉਸ ਦਾ ਪਦਮ ਸ਼੍ਰੀ ਪੁਰਸਕਾਰ ਵਾਪਸ ਲੈਣਾ ਚਾਹੀਦਾ ਹੈ ਤੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਅਜਿਹਾ ਲੱਗਦਾ ਹੈ ਕਿ ਕੰਗਨਾ ਰਣੌਤ ਨੇ ਬਿਆਨ ਦੇਣ ਤੋਂ ਪਹਿਲਾਂ ਮਲਾਨਾ ਕਰੀਮ ਦੀ ਭਾਰੀ ਖੁਰਾਕ ਲਈ ਸੀ।' ਕੰਗਨਾ ਰਣੌਤ ਦੇ ਦੇਸ਼ ਦੀ ਆਜ਼ਾਦੀ ਭੀਖ ਵਿਚ ਮਿਲਣ ਵਾਲੇ ਬਿਆਨ 'ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਕਿਹਾ, 'ਮੋਹਤਰਮਾ ਮਲਾਨਾ ਕਰੀਮ (ਹੈਸ਼ ਦੀ ਇਕ ਵਿਸ਼ੇਸ਼ ਕਿਸਮ ਜੋ ਸਿਰਫ HP ਵਿਚ ਉੱਗਦੀ ਹੈ) ਲੈ ਕੇ ਜ਼ਿਆਦਾ ਬੋਲ ਰਹੀ ਹੈ। ਮਲਾਨਾ ਕਰੀਮ ਦੀ ਖੁਰਾਕ ਜ਼ਿਆਦਾ ਹੋ ਗਈ ਹੈ, ਇਸ ਲਈ ਉਹ ਉਲ-ਜਲੂਲ ਬਾਰੇ ਗੱਲ ਕਰ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਤੋਂ ਕੰਗਨਾ ਰਣੌਤ ਦਾ ਪਦਮ ਸ਼੍ਰੀ ਵਾਪਸ ਲਿਆ ਜਾਵੇ ।' ਨਵਾਬ ਮਲਿਕ ਤੋਂ ਇਲਾਵਾ ਹੋਰ ਸਿਆਸਤਦਾਨਾਂ ਨੇ ਵੀ ਅਦਾਕਾਰਾ ਤੋਂ ਐਵਾਰਡ ਵਾਪਸ ਲੈਣ ਲਈ ਆਵਾਜ਼ ਉਠਾਈ ਹੈ। ਦੱਸਣਯੋਗ ਹੈ ਕਿ ਇਕ ਟੀਵੀ 'ਤੇ ਇਕ ਪ੍ਰੋਗਰਾਮ ਦੌਰਾਨ ਕੰਗਨਾ ਰਣੌਤ ਨੇ ਇੱਥੋਂ ਤੱਕ ਕਿਹਾ ਸੀ ਕਿ ਭਾਰਤ ਨੂੰ 2014 ਤੋਂ ਬਾਅਦ ਹੀ ਆਜ਼ਾਦੀ ਮਿਲੀ, ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿਚ ਆਈ ਸੀ। ਉਨ੍ਹਾਂ ਦੇ ਇਨ੍ਹਾਂ ਸਾਰੇ ਬਿਆਨਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ।