ਹਰਿਆਣਾ ਰੋਡਵੇਜ਼ ਦੀ ਬੱਸ ਸਰਵਿਸ ਬਹਾਲ

03

November

2018

ਪੰਚਕੂਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਹਰਿਆਣਾ ਰੋਡਵੇਜ਼ ਕਰਮਚਾਰੀ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲੈਣ ’ਤੇ ਸਹਿਮਤੀ ਜਤਾਈ ਹੈ ਅਤੇ ਅਦਾਲਤ ਨੂੰ ਭਰੋਸਾ ਦਿੱਤਾ ਹੈ ਕਿ 3 ਨਵੰਬਰ ਨੂੰ ਸਵੇਰੇ 10 ਵਜੇ ਤੋਂ ਬਸਾਂ ਚਲਣੀਆਂ ਸ਼ੁਰੂ ਹੋ ਜਾਣਗੀਆਂ। ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੀ ਨਾਰਾਇਣ ਸ਼ਰਮਾ, ਮਹਾਂ ਸਕੱਤਰ ਬਲਵਾਨ ਸਿੰਘ ਦੋਦਵਾ, ਹਰਿਆਣਾ ਟਰਾਂਸਪੋਰਟ ਕਰਮਚਾਰੀ ਯੂਨੀਅਨ ਦੇ ਡਿਪਟੀ ਪ੍ਰਧਾਨ ਸੁਲਤਾਨ ਸਿੰਘ ਅਤੇ ਹਰਿਆਣਾ ਇੰਟਕ ਦੇ ਬੁਲਾਰੇ ਨਸੀਬ ਜਾਖੜ ਵੱਲੋਂ ਹਾਈ ਕੋਰਟ ਨੂੰ ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹਰਿਆਣਾ ਦੇ ਐਡਵੋਕੇਟ ਜਰਨਲ, ਜੋ ਕਿ ਅਦਾਲਤ ਵਿੱਚ ਮੌਜੂਦ ਸਨ, ਨੇ ਭਰੋਸਾ ਦਿਵਾਇਆ ਕਿ ਇਸ ਵਾਰ ਹੜਤਾਲ ਖਤਮ ਹੋ ਜਾਵੇਗੀ ਤੇ ਦੋਵੇਂ ਪੱਖ ਜਿਨ੍ਹਾਂ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੇ ਯੂਨੀਅਨਾਂ ਦੇ ਅਹੁੱਦੇਦਾਰ ਇੱਕਠੇ ਬੈਠ ਕੇ ਸਮੱਸਿਆ ਦਾ ਹੱਲ ਕੱਢਣ ਦਾ ਯਤਨ ਕਰਨਗੇ। ਉਸ ਸਮੇਂ ਤਕ ਅਦਾਲਤ ਦੇ ਅੰਤ੍ਰਿਮ ਆਦੇਸ਼ ਜਾਰੀ ਲਾਗੂ ਰਹਿਣਗੇ। ਇਸ ਮਾਮਲੇ ਦੇ ਆਖਰੀ ਫੈਸਲੇ ਤਕ ਯੂਨੀਅਨ ਦੇ ਕਰਮਚਾਰੀਆਂ/ਮੈਂਬਰਾਂ/ ਅਹੁਦੇਦਾਰਾਂ ਅਤੇ ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਦੇ ਹੋਰ ਕਰਮਚਾਰੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਕੋਈ ਹੋਰ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਟਰਾਂਸਪੋਰਟ ਵਿਭਾਗ ਵੱਲੋਂ ਕਰਮਚਾਰੀਆਂ ਦੀ ਮੁਅੱਤਲੀ ਤੇ ਬਰਖ਼ਾਤਸਗੀ ਦੇ ਪਾਸ ਕੀਤੇ ਗਏ ਆਦੇਸ਼ਾਂ ਨੂੰ ਅਦਾਲਤ ਦੇ ਅਗਲੇ ਆਦੇਸ਼ਾਂ ਤੱਕ ਟਾਲ ਦਿੱਤਾ ਗਿਆ ਹੈ। ਅਦਾਲਤ ਨੇ ਇਹ ਵੀ ਹਦਾਇਤਾਂ ਦਿੱਤੀਆਂ ਹਨ ਕਿ ਟਰਾਂਸਪੋਰਟ ਵਿਭਾਗ ਸਾਰੇ ਕਮਰਚਾਰੀਆਂ ਨੂੰ ਤੁਰੰਤ ਡਿਊਟੀ ਜੁਆਇੰਨ ਕਰਵਾਏ।