ਐੱਸਯੂਵੀ ਵੱਲੋਂ ਮਾਰੀ ਫੇਟ ਕਾਰਨ ਪੰਜ ਬੱਚੇ ਜ਼ਖ਼ਮੀ

03

November

2018

ਚੰਡੀਗੜ੍ਹ, ਇਥੋਂ ਦੇ ਸੈਕਟਰ-25 ਵਿੱਚ ਸ਼ਮਸ਼ਾਨਘਾਟ ਨੇੜੇ ਅੱਜ ਦੁਪਹਿਰ ਸੜਕ ਨੇੜੇ ਖੇਡ ਰਹੇ ਪੰਜ ਬੱਚਿਆਂ ਨੂੰ ਤੇਜ਼ ਰਫ਼ਤਾਰ ਐੱਸਯੂਵੀ ਨੇ ਫੇਟ ਮਾਰ ਦਿੱਤੀ। ਹਾਦਸੇ ਮਗਰੋਂ ਬੇਕਾਬੂ ਹੋਇਆ ਵਾਹਨ ਇੱਕ ਝੁੱਗੀ ਵਿੱਚ ਜਾ ਵੱਜਿਆ। ਇਸ ਹਾਦਸੇ ਕਾਰਨ ਡੀਬੀਸੀ ਕਲੋਨੀ ਦੇ ਪੰਜ ਬੱਚੇ ਜ਼ਖ਼ਮੀ ਹੋ ਗਏ ਤੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਇਸੇ ਦੌਰਾਨ ਲੋਕਾਂ ਨੇ ਵਾਹਨ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਜ਼ਖ਼ਮੀ ਬੱਚਿਆਂ ਬਾਰੇ ਪੁਲੀਸ ਨੂੰ ਇਤਲਾਹ ਦਿੱਤੀ। ਪੁਲੀਸ ਨੇ ਬੱਚਿਆਂ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਇੱਕ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਪੁਲੀਸ ਅਨੁਸਾਰ ਜ਼ਖ਼ਮੀ ਹੋਏ ਬੱਚਿਆਂ ਦੀ ਹਾਦਸੇ ਮਗਰੋਂ ਝੌਂਪੜੀ ਵਿੱਚ ਵੱਜੀ ਐੱਸਯੂਵੀ। -ਫੋਟੋਆਂ: ਪ੍ਰਦੀਪ ਤਿਵਾੜੀ ਉਮਾਰ 3 ਤੋਂ 5 ਸਾਲਾਂ ਵਿਚਕਾਰ ਹੈ। ਇਨ੍ਹਾਂ ਵਿੱਚ ਵਿਸ਼ਾਲ, ਪ੍ਰਿਆ, ਹਰਮਨ, ਤਨੁਜ ਤੇ ਜੁਜਵੀ ਸ਼ਾਮਲ ਹਨ। ਪੁਲੀਸ ਨੇ ਡੀਬੀਸੀ ਕਲੋਨੀ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੀ ਪੰਮੀ ਨਾਂ ਦੀ ਔਰਤ ਦੀ ਸ਼ਿਕਾਇਤ ’ਤੇ ਸੈਕਟਰ-18 ਵਾਸੀ ਪੁਖਰਾਜ (19) ਦੇ ਖ਼ਿਲਾਫ਼ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਅਤੇ ਬੱਚਿਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਸ ਦੀ ਐੱਸਯੂਵੀ ਪੋਜੈਰੋ ਨੂੰ ਜ਼ਬਤ ਕਰ ਲਿਆ ਹੈ। ਪੰਮੀ ਨੇ ਪੁਲੀਸ ਨੂੰ ਦੱਸਿਆ ਕਿ ਇਹ ਹਾਦਸਾ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਵਾਪਰਿਆ। ਘਟਨਾ ਵੇਲੇ ਬੱਚੇ ਸ਼ਮਸ਼ਾਨਘਾਟ ਨੇੜਲੇ ਪੈਦਲ ਜਾਣ ਵਾਲੇ ਲੋਕਾਂ ਲਈ ਬਣਾਏ ਗਏ ਰਸਤੇ ’ਤੇ ਖੇਡ ਰਹੇ ਸਨ। ਇਸ ਦੌਰਾਨ ਬੱਚੇ ਤੇਜ਼ ਰਫ਼ਤਾਰ ਐੱਸਯੂਵੀ ਦੀ ਲਪੇਟ ਵਿੱਚ ਆ ਗਏ। ਪੰਮੀ ਨੇ ਪੁਲੀਸ ਨੂੰ ਦੱਸਿਆ ਕਿ ਪੁਖਰਾਜ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ। ਬੱਚਿਆਂ ਨੂੰ ਫੇਟ ਮਾਰਨ ਮਗਰੋਂ ਉਸ ਨੇ ਵਾਹਨ ਨੂੰ ਬਰੇਕ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਵਾਹਨ ਇੱਕ ਝੁੱਗੀ ਵਿੱਚ ਜਾ ਵੱਜਿਆ। ਇਸ ਦੌਰਾਨ ਝੁੱਗੀ ਵਿੱਚ ਕੋਈ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੋਕਾਂ ਨੇ ਹਾਦਸੇ ਬਾਰੇ ਪੀਸੀਆਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਸੂਤਰਾਂ ਅਨੁਸਾਰ ਚਾਰ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਦਕਿ ਇੱਕ ਬੱਚੇ ਦੇ ਸਿਰ ਅਤੇ ਬਾਂਹ ’ਤੇ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਪੀਜੀਆਈ ਰੈਫ਼ਬ ਕੀਤਾ ਗਿਆ ਹੈ।