ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ 'ਵਲੰਟੀਅਰ ਆਫ਼ ਦਾ ਯੀਅਰ' ਪੁਰਸਕਾਰ ਨਾਲ ਸਨਮਾਨ

26

October

2021

ਸੈਕਰਾਮੈਂਟੋ, 26 ਅਕਤੂਬਰ - ਹੋਸਟਨ ਵਾਸੀ ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੁਆਰਾ 'ਵਲੰਟੀਅਰ ਆਫ਼ ਦਾ ਯੀਅਰ' ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਹੈ। ਸੇਵਾ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਸ਼ਾਨਦਾਰ ਸਮਾਜਿਕ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਹੈ। ਇਸ ਸਬੰਧੀ ਹੋਏ ਸਮਾਗਮ 'ਗਵਰਨਰ ਵਲੰਟੀਅਰ ਐਵਾਰਡ 2021' ਦੀ ਪ੍ਰਧਾਨਗੀ ਟੈਕਸਾਸ ਦੀ ਫ਼ਸਟ ਲੇਡੀ ਸੇਸੀਲੀਆ ਅਬੋਟ ਨੇ ਕੀਤੀ। ਹਰ ਸਾਲ ਦਿੱਤੇ ਜਾਂਦੇ ਇਸ ਪੁਰਸਕਾਰ ਦਾ ਇਹ 38 ਵਾਂ ਸਮਾਗਮ ਸੀ। ਇਸ ਮੌਕੇ ਸੇਸੀਲੀਆ ਅਬੋਟ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਪੁਰਸਕਾਰ ਪਿਛਲੇ ਸਾਲ ਵਿਅਕਤੀਗਤ ਜਾਂ ਸੰਗਠਨਾਤਮਕ ਤੌਰ 'ਤੇ ਟੈਕਸਾਸ ਵਿਚ ਰਹਿੰਦੇ ਲੋਕਾਂ ਲਈ ਮਿਸਾਲੀ ਸੇਵਾ ਪ੍ਰਦਾਨ ਕਰਨ ਲਈ ਦਿੱਤਾ ਜਾਂਦਾ ਹੈ। ਸੇਵਾ ਇੰਟਰਨੈਸ਼ਨਲ ਵਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਡਾਕਟਰ ਲੂਥਰਾ ਜੋ ਸੇਵਾ ਮੁਕਤ ਵਿਗਿਆਨੀ ਹਨ, ਨੇ 'ਪਰਿਵਾਰ ਸੇਵਾ ਪ੍ਰੋਗਰਾਮ' ਤਹਿਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਇਕ ਹਫ਼ਤੇ ਦੌਰਾਨ ਨਿਰੰਤਰ 30 ਘੰਟਿਆਂ ਤੋਂ ਵਧ ਸਮਾਂ ਕੰਮ ਕੀਤਾ।