ਇਰਾਕ ’ਚ ਮਾਰੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੀ ਉਡੀਕ

31

October

2018

ਅੰਮ੍ਰਿਤਸਰ, ਇਰਾਕ ਦੇ ਮੌਸੂਲ ਸ਼ਹਿਰ ਵਿਚ ਮਾਰੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਬਾ ਸਰਕਾਰ ਵੱਲੋਂ ਨੌਕਰੀ ਦੇਣ ਦਾ ਕੀਤਾ ਵਾਅਦਾ ਅਜੇ ਤੱਕ ਨਹੀਂ ਨਿਭਾਇਆ ਗਿਆ। ਆਈਐਸਆਈਐਸ ਵੱਲੋਂ 2014 ਵਿਚ 39 ਭਾਰਤੀਆਂ ਨੂੰ ਬੰਧਕ ਬਣਾਇਆ ਗਿਆ ਸੀ, ਜਿਨ੍ਹਾਂ ਵਿਚ 27 ਪੰਜਾਬੀ ਸ਼ਾਮਲ ਸਨ। ਪੀੜਤ ਪਰਿਵਾਰਾਂ ਦੇ ਮੈਂਬਰ ਅੱਜ ਇੱਥੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਣ ਪੁੱਜੇ। ਇਨ੍ਹਾਂ ਵਿਚ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਸ਼ਾਮਲ ਸਨ। ਇਨ੍ਹਾਂ ਨੇ ਇੱਥੇ ਮੀਟਿੰਗ ਵੀ ਕੀਤੀ ਹੈ ਤਾਂ ਜੋ ਇਸ ਸਬੰਧੀ ਅਗਲੀ ਰਣਨੀਤੀ ਉਲੀਕੀ ਜਾ ਸਕੇ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਕਮ ਵਜੋਂ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ ਨੂੰ ਮਿਲ ਚੁੱਕਾ ਹੈ, ਪਰ ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੇ ਇਕ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਨਹੀਂ ਨਿਭਾਇਆ ਗਿਆ। ਅੰਮ੍ਰਿਤਸਰ ਵਾਸੀ ਮਨੀਸ਼ ਕੁਮਾਰ, ਜਿਸ ਦਾ ਭਰਾ ਹਰੀਸ਼ ਕੁਮਾਰ ਇਰਾਕ ਵਿਚ ਮਾਰਿਆ ਗਿਆ ਸੀ, ਨੇ ਦੱਸਿਆ ਕਿ ਸੂਬਾ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਨਹੀਂ ਨਿਭਾਇਆ। ਉਸ ਨੇ ਇਹ ਵੀ ਆਖਿਆ ਕਿ ਮਈ 2018 ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਦਿੱਤੀ ਜਾ ਰਹੀ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਇਕ ਮਦਦ ਵੀ ਬੰਦ ਕਰ ਦਿੱਤੀ ਗਈ ਹੈ। ਸਿਵਲ ਇੰਜਨੀਅਰ ਵਜੋਂ ਯੋਗਤਾ ਪ੍ਰਾਪਤ ਮਨੀਸ਼ ਨੇ ਆਖਿਆ ਕਿ ਉਸ ਨੂੰ ਹੁਣ ਤਕ ਨੌਕਰੀ ਲਈ ਕੋਈ ਪੇਸ਼ਕਸ਼ ਨਹੀਂ ਆਈ ਹੈ। ਇਸੇ ਤਰ੍ਹਾਂ ਦੀ ਕਹਾਣੀ ਹੋਰ ਪਰਿਵਾਰਾਂ ਦੀ ਵੀ ਹੈ।