ਪਾਵਰਕੌਮ ਨੇ ਡੇਰਾਬਸੀ ਦੇ 27 ਉਦਯੋਗਾਂ ਦੇ ਬਿਜਲੀ ਕੁਨੈਕਸ਼ਨ ਕੱਟੇ

31

October

2018

ਡੇਰਾਬਸੀ, ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ’ਤੇ ਸਥਾਨਕ ਪ੍ਰਸ਼ਾਸਨ ਨੇ ਉਦਯੋਗਾਂ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਪਾਵਰਕੌਮ ਵੱਲੋਂ 57 ਵਿੱਚੋਂ 27 ਉਦਯੋਗਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ। ਇਨ੍ਹਾਂ ਵਿੱਚ ਨੈਕਟਰ ਲਾਈਫ ਸਾਇੰਸ ਯੂਨਿਟ-2 ਵੀ ਸ਼ਾਮਲ ਹੈ। ਪਾਵਰਕੌਮ ਦੀ ਇਸ ਕਾਰਵਾਈ ਨਾਲ ਸਨਅਤਕਾਰਾਂ ਨੂੰ ਭਾਜੜਾਂ ਪੈ ਗਈਆਂ ਜਿਨ੍ਹਾਂ ਵੱਲੋਂ ਆਪਣੇ ਬਚਾਅ ਵਿੱਚ ਐਨਜੀਟੀ ਵਿੱਚ ਪੈਰਵੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਉਦਯੋਗਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖ਼ਿਲਾਫ਼ ਪਿੰਡ ਈਸਾਪੁਰ ਵਸਨੀਕ ਨੰਬਰਦਾਰ ਕਰਨੈਲ ਸਿੰਘ ਸਣੇ ਹੋਰਨਾਂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਇਸ ’ਤੇ ਸੁਣਵਾਈ ਕਰਦਿਆਂ ਟ੍ਰਿਬਿਊਨਲ ਵੱਲੋਂ ਕੇਂਦਰੀ ਪ੍ਰਦੂਸ਼ਣ ਰੋਕੂ ਬੋਰਡ ਨੂੰ ਡੇਰਾਬਸੀ ਖੇਤਰ ਦੇ ਉਦਯੋਗਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਕੇਂਦਰੀ ਪ੍ਰਦੂਸ਼ਣ ਰੋਕੂ ਬੋਰਡ ਦੀ ਟੀਮ ਵੱਲੋਂ 101 ਉਦਯੋਗਾਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿਚੋਂ 57 ਉਦਯੋਗ ਨਿਯਮਾਂ ਦੀ ਅਣਦੇਖੀ ਕਰ ਕੇ ਪ੍ਰਦੂਸ਼ਣ ਫੈਲਾਉਂਦੇ ਪਾਏ ਗਏ। ਇਸ ਰਿਪੋਰਟ ਦੇ ਆਧਾਰ ’ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਡਿਫਾਲਟਰ ਉਦਯੋਗ ਬੰਦ ਕਰਨ ਦੇ ਹੁਕਮ ਸੁਣਾਏ ਸਨ। ਇਸ ’ਤੇ ਕਾਰਵਾਈ ਕਰਦਿਆਂ ਅੱਜ ਪਾਵਰਕੌਮ ਵੱਲੋਂ ਇਨ੍ਹਾਂ ਉਦਯੋਗਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਮੁਹਿੰਮ ਆਰੰਭੀ ਗਈ। ਪਾਵਰਕੌਮ ਦੇ ਦੋ ਵੱਖ ਵੱਖ ਡਿਵੀਜ਼ਨਾਂ ਵੱਲੋਂ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ ਤੇ ਬਾਕੀ ਉਦਯੋਗਾਂ ਦੇ 31 ਅਕਤੂਬਰ ਨੂੰ ਕੁਨੈਕਸ਼ਨ ਕੱਟੇ ਜਾਣਗੇ। ਪਾਵਰਕੌਮ ਸੈਦਪੁਰਾ ਦੇ ਐਸਡੀਓ ਸੁਰਿੰਦਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਖੇਤਰ ਦੇ ਤਿੰਨ ਉਦਯੋਗਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਜਦਕਿ ਮੁਬਾਰਿਕਪੁਰ ਐਸਡੀਓ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਫੋਕਲ ਪੁਆਇੰਟ ਵਿੱਚ ਪੈਂਦੇ 24 ਉਦਯੋਗਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਸੂਚੀ ਵਿੱਚ ਸ਼ਾਮਲ ਬਾਕੀ ਉਦਯੋਗਾਂ ਦੇ ਕੁਨੈਕਸ਼ਨ 31 ਅਕਤੂਬਰ ਨੂੰ ਕੱਟੇ ਜਾਣਗੇ। ਪਟੀਸ਼ਨਰ ਕਰਨੈਲ ਸਿੰਘ ਤੇ ਇਕ ਪਿੰਡ ਦੇ ਵਸਨੀਕ ਹਰਦਿੱਤ ਸਿੰਘ ਕਾਲਾ ਨੇ ਕਿਹਾ ਕਿ ਕੰਪਨੀਆਂ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਕਾਰਨ ਇਲਾਕੇ ਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ ਤੇ ਕੈਂਸਰ ਵਰਗੀ ਜਾਨ ਲੇਵਾ ਬਿਮਾਰੀ ਅਤੇ ਚਮੜੀ, ਸਾਹ ਤੇ ਹੋਰਨਾਂ ਬਿਮਾਰੀਆਂ ਦੇ ਮਰੀਜ਼ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਧਰਤੀ ਹੇਠਲਾ ਤੇ ਨਦੀ-ਨਾਲਿਆਂ ਦਾ ਪਾਣੀ ਵੀ ਪਲੀਤ ਹੋ ਚੁੱਕਾ ਹੈ।