ਰੋਡਵੇਜ਼ ਦੀ ਹੜਤਾਲ ਨੂੰ ਸਿਆਸੀ ਪਾਰਟੀਆਂ ਤੇ ਮੁਲਾਜ਼ਮ ਜਥੇਬੰਦੀਆਂ ਦੀ ਹਮਾਇਤ

30

October

2018

ਪੰਚਕੂਲਾ, ਹਰਿਆਣਾ ਰੋਡਵੇਜ਼ ਦੀ ਹੜਤਾਲ ਨੂੰ ਇਨੈਲੋ ਅਤੇ ਕਾਂਗਰਸੀ ਆਗੂਆਂ ਨੇ ਵੀ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ ਹੈ। ਸਿਆਸੀ ਆਗੂਆਂ ਤੇ ਵਰਕਰਾਂ ਨੇ ਅੱਜ ਪੰਚਕੂਲਾ ਧਰਨੇ ਵਿੱਚ ਆ ਕੇ ਮੁਲਾਜ਼ਮਾਂ ਦੀ ਹੜਤਾਲ ਵਿਚ ਸ਼ਿਰਕਤ ਵੀ ਕੀਤੀ। ਇਸ ਤੋਂ ਇਲਾਵਾ ਹੁਣ ਬਾਕੀ ਬੋਰਡਾਂ, ਕਾਰਪੋਰੇਸ਼ਨਾਂ ਦੇ ਮੁਲਾਜ਼ਮ ਵੀ 30 ਅਤੇ 31 ਅਕਤੂਬਰ ਨੂੰ ਦੋ ਦਿਨ ਲਈ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸ ਬਾਰੇ ਅੱਜ ਸਰਵ ਕਰਮਚਾਰੀ ਸੰਘ ਵੱਲੋਂ ਐਲਾਨ ਕੀਤਾ ਗਿਆ। ਵੇਰਵਿਆਂ ਮੁਤਾਬਕ 284 ਵਰਕਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ 72 ਨੂੰ ਫਾਰਗ ਕਰ ਦਿੱਤਾ ਗਿਆ ਹੈ। ਰੋਡਵੇਜ਼ ਦੀ ਹੜਤਾਲ ਹਰਿਆਣਾ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਈ ਹੈ ਤੇ ਹੁਣ ਵੱਖ-ਵੱਖ ਜਥੇਬੰਦੀਆਂ ਵਲੋਂ ਸਹਿਯੋਗ ਦੇ ਐਲਾਨ ਤੋਂ ਬਾਅਦ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਵੀ ਇਸ ਬਾਰੇ ਹਾਲੇ ਤੱਕ ਕੋਈ ਠੋਸ ਬਿਆਨ ਜਾਰੀ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਰੋਡਵੇਜ਼ ਮੁਲਾਜ਼ਮ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਨੂੰ ਚਲਾਉਣ ਦੇ ਮਾਮਲੇ ਵਿਚ ਹੜਤਾਲ ’ਤੇ ਹਨ। ਰੋਡਵੇਜ਼ ਨੇਤਾ ਗੁਰਦੀਪ ਸਿੰਘ, ਸਰਵਣ ਕੁਮਾਰ ਜਾਗੜਾ, ਰਾਮਪਾਲ ਮਲਿਕ ਤੇ ਹੋਰਾਂ ਨੇ ਕਿਹਾ ਕਿ ਹੜਤਾਲ ਅਣਮਿੱਥੇ ਸਮੇਂ ਲਈ ਹੈ। ਪੰਚਕੂਲਾ ਬੱਸ ਅੱਡੇ ਦੇ ਬਾਹਰ ਅੱਜ ਕਾਂਗਰਸੀ ਨੇਤਾ ਓਮ ਪ੍ਰਕਾਸ਼ ਦੇਵੀ ਨਗਰ, ਅਤੇ ਤਰੁਣ ਭੰਡਾਰੀ ਨੇ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ ਤੇ ਸਹਿਯੋਗ ਦਾ ਭਰੋਸਾ ਦਿੱਤਾ। ਹੜਤਾਲ ਕਾਰਨ ਵਿਦਿਆਰਥੀਆਂ ਤੇ ਹੋਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿੱਤ ਮੰਤਰੀ ਕੈਪਟਨ ਅਭਿਮੰਨਿਊ ਅਤੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ ਨੇ ਮੁਲਾਜ਼ਮਾਂ ਦੀ ਮੰਗਾਂ ਵੱਲ ਗੌਰ ਕਰਨ ਦਾ ਭਰੋਸਾ ਦਿਵਾਇਆ ਹੈ। ਰੋਡਵੇਜ਼ ਦੇ ਜੁਆਇੰਟ ਐਕਸ਼ਨ ਕਮੇਟੀ ਦੇ ਨੇਤਾਵਾਂ ਨੇ ਕਿਹਾ ਕਿ ਹਰਿਆਣਾ ਡਿੱਪੂ ਦੀ ਜੇ ਕੋਈ ਬੱਸ ਹਾਦਸਾਗ੍ਰਸਤ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਜ਼ਿਲ੍ਹੇ ਦੇ ਜਨਰਲ ਮੈਨੇਜਰ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਬੱਸਾਂ ਚਲਾ ਰਹੇ ਡਰਾਈਵਰ ਪੂਰੀ ਤਰ੍ਹਾਂ ਸਿਖ਼ਲਾਈ ਪ੍ਰਾਪਤ ਨਹੀਂ ਹਨ।