ਯੂਟੀ ਦੇ ਸਥਾਪਨਾ ਦਿਵਸ ਮੌਕੇ ਪੰਜਾਬੀ ਹਿਤੈਸ਼ੀ ਉਜਾੜੇ ਦਾ ਦਰਦ ਫਰੋਲਣਗੇ

30

October

2018

ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ ਲਈ ਉਸਾਰੇ ਖੂਬਰਸੂਰਤ ਸ਼ਹਿਰ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਕੇ ਇਥੋਂ ਦੇ ਅਸਲ ਬਸ਼ਿੰਦਿਆਂ ਨੂੰ ਉਜਾੜਿਆਂ ਦੇ ਰਾਹ ਪਾ ਕੇ ਮਾਂ ਬੋਲੀ ਪੱਖੋਂ ਵੀ ਕਖੋਂ ਹੌਲੇ ਕਰਨ ਦੀ ਸ਼ਾਜ਼ਿਸ਼ ਨੂੰ ਬੇਨਕਾਬ ਕਰਨ ਲਈ ਪੰਜਾਬੀ ਹਿਤੈਸ਼ੀ ਯੂਟੀ ਦੇ 52ਵੇਂ ਸਥਾਪਨਾ ਦਿਵਸ ਮੌਕੇ ਸੜਕਾਂ ਤੇ ਬਜ਼ਾਰਾਂ ਵਿਚ ਨਿਕਲ ਦੇ ਪੰਜਾਬੀਅਤ ਅਤੇ ਮਾਂ ਬੋਲੀ ਦੇ ਉਜਾੜਿਆਂ ਦੀ ਗਾਥਾ ਸੁਣਾਉਣਗੇ। ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਕੀਤੇ ਐਲਾਨ ਅਨੁਸਾਰ ਜਿਥੇ ਚੰਡੀਗੜ੍ਹ ਪ੍ਰਸ਼ਾਸਨ ਇਕ ਨਵੰਬਰ ਨੂੰ ਯੂਟੀ ਦਾ 52ਵਾਂ ਸਥਾਪਨਾ ਦਿਨ ਮਨਾਵੇਗਾ, ਉਥੇ ਪੰਜਾਬੀ ਹਿਤੈਸ਼ੀ ਇਸ ਦਿਨ ਨੂੰ ਕਾਲੇ ਦਿਸ ਵਜੋਂ ਮਨਾਉਣਗੇ। ਜਿਸ ਤਹਿਤ ਇਸ ਦਿਨ ਪੰਜਾਬੀ ਹਿਤੈਸ਼ੀ ਸ਼ਾਮ ਨੂੰ 4 ਵਜੇ ਸੈਕਟਰ-30 ਸਥਿਤ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਅੱਗੇ ਇਕਠੇ ਹੋ ਕੇ ਪੈਦਲ ਰੋਸ ਮਾਰਚ ਕਰਕੇ ਪੰਜਾਬ ਦੀ ਰਾਜਧਾਨੀ ਲਈ 28 ਪਿੰਡਾਂ ਨੂੰ ਉਜਾੜ ਕੇ ਉਸਾਰੇ ਚੰਡੀਗੜ੍ਹ ’ਚ ਪੰਜਾਬੀਅਤ ਤੇ ਮਾਂ ਬੋਲੀ ਦੇ ਕੀਤੇ ਜਾ ਰਹੇ ਘਾਣ ਦੇ ਦੁੱਖੜੇ ਰੋਣਗੇ। ਇਕ ਨਵੰਬਰ 1966 ਨੂੰ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਦਾ ਰੁਤਬਾ ਦੇ ਕੇ ਇਸ ਸ਼ਹਿਰ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ’ਚ ਦੀਵਾਰ ਖੜ੍ਹੀ ਕਰ ਦਿੱਤੀ ਸੀ ਤੇ ਇਥੋਂ ਦੇ ਪ੍ਰਸ਼ਾਸਨ ਨੇ ਆਪਣੀ ਸਰਕਾਰੀ ਭਾਸ਼ਾ ਅੰਗਰੇਜ਼ੀ ਨਿਰਧਾਰਤ ਕਰਕੇ ਪੰਜਾਬੀ ਭਾਸ਼ਾ ਨੂੰ ਵੀ ਨੁੱਕਰੇ ਲਾ ਦਿੱਤਾ ਸੀ। ਪੰਜਾਬੀ ਬੋਲੀ ਹੋਣ ਦੇ ਬਾਵਜੂਦ ਸੰਵਿਧਾਨ ਦੇ ਉਲਟ ਇਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਥੋਪ ਕੇ ਪੰਜਾਬੀਆਂ ਦੀ ਮਾਂ ਬੋਲੀ ਨਾਲ ਧਰੋਹ ਕਮਾਇਆ ਜਾ ਰਿਹਾ ਹੈ। ਪੇਂਡੂ ਸੰਘਰਸ਼ ਕਮੇਟੀ ਵੱਲੋਂ ਯੂਟੀ ਦੇ ਕਈ ਪਿੰਡਾਂ ਆਦਿ ’ਚ ਮੀਟਿੰਗ ਕਰਕ ਇਕ ਨਵੰਬਰ ਦੇ ਰੋਸ ਮਾਰਚ ਨੂੰ ਕਾਮਯਾਬ ਕਰਨ ਲਈ ਵਿਆਪਕ ਲਾਮਬੰਦੀ ਕਰਨ ਦਾ ਪੜਾਅ ਮੁਕੰਮਲ ਕਰ ਲਿਆ ਹੈ ਤੇ ਪੰਜਾਬੀ ਹਿਤੈਸ਼ੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਵਾਉਣ ਦੇ ਪ੍ਰਣ ਲਏ ਹਨ। ਇਸ ਦੌਰਾਨ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਖਜ਼ਾਨਚੀ ਸੁਖਜੀਤ ਸਿੰਘ ਹੱਲੋਮਾਜਰਾ, ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਸਰਪ੍ਰਸਤ ਬਾਬਾ ਸਾਧੂ ਸਿੰਘ ਤੇ ਬਾਬਾ ਗੁਰਦਿਆਲ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਸਰਪੰਚ ਗੁਰਪ੍ਰੀਤ ਸਿੰਘ ਦੜੀਆ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੜੈਲ, ਗੁਰਦੁਆਰਾ ਸੰਗਠਨ ਦੇ ਚੇਅਰਮੈਨ ਤਾਰਾ ਸਿੰਘ ਤੇ ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ ਆਦਿ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਪੰਜਾਬੀ ਦੀ ਥਾਂ ਅੰਗਰੇਜ਼ੀ ਨਿਰਧਾਰਤ ਕਰਕੇ ਪੰਜਾਬੀ ਨਾਲ ਧੱਕਾ ਕੀਤਾ ਹੈ। ਇਸ ਵਿਰੁੱਧ ਇਕ ਨਵੰਬਰ ਪੰਜਾਬੀ ਪ੍ਰੇਮੀ ਸੈਕਟਰ 30 ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਮੂਹਰੇ ਸ਼ਾਮ 4 ਵਜੇ ਇਕੱਠੇ ਹੋ ਕੇ ਪੈਦਲ ਰੋਸ ਮਾਰਚ ਕਰਨਗੇ। ਜਿਸ ਦੌਰਾਨ ਪੰਜਾਬੀ ਹਿਤੈਸ਼ੀ ਕਾਲੀਆਂ ਝੰਡੀਆਂ ਆਦਿ ਨਾਲ ਰੋਸ ਮਾਰਚ ਕਰਕੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ। ਇਸ ਮੌਕੇ ਪੰਜਾਬੀ ਹਿਤੈਸ਼ੀ ਬਜ਼ਾਰਾਂ ਤੇ ਸੈਕਟਰਾਂ ਆਦਿ ’ਚ ਮਾਰਚ ਕਰਦਿਆਂ ਆਪਣੀ ਵਿਥਿਆ ਸੁਣਾਉਣਗੇ ਤੇ ਚੰਡੀਗੜ੍ਹ ’ਚ ਪੰਜਾਬੀਅਤ ਤੇ ਮਾਂ ਬੋਲੀ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਸੁਚੇਤ ਕਰਦੀ ਲਿਖਤ ਵੀ ਵੰਡਣਗੇ।