ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚਨਾਰਥਲ ਕਲਾਂ, ਫ਼ਤਹਿਗੜ ਨਿਊਆਂ ਅਤੇ ਹਰਗਣਾ ਪਿੰਡਾਂ ਵਿੱਚ ਲਗਾਏ ਗਏ ਜਾਗਰੂਕਤਾ ਕੈਂਪ : ਇੰਜ: ਬਲਬੀਰ ਸਿੰਘ

18

September

2018

ਫ਼ਤਹਿਗੜ ਸਾਹਿਬ, (ਮੁਖਤਿਆਰ ਸਿੰਘ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਲਾਕ ਸਰਹਿੰਦ ਦੇ ਪਿੰਡ ਚਨਾਰਥਲ ਕਲਾਂ, ਬਲਾਕ ਅਮਲੋਹ ਦੇ ਪਿੰਡ ਫਤਹਿਗੜ ਨਿਊਆਂ ਅਤੇ ਬਲਾਕ ਖਮਾਣੋਂ ਦੇ ਪਿੰਡ ਹਰਗਣਾ ਵਿਖੇ ਕੈਂਪ ਲਗਾਏ ਗਏ। ਜਿਸ ਵਿੱਚ ਦਿਹਾਤੀ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ, ਆਪਣੇ ਘਰਾਂ ਵਿੱਚ ਪਾਣੀ ਦੀਆਂ ਟੂਟੀਆਂ ਲਗਵਾਉਣ ਅਤੇ ਟੁੱਲੂ ਪੰਪ ਨਾ ਲਗਾਉਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਇਸ ਮੌਕੇ ਹਰਗਣਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਰਾਹੀਂ ਲੋਕਾਂ ਨੂੰ ਪਾਣੀ ਦੀ ਦੁਰਵਰਤੋਂ ਅਤੇ ਖੁਲੇ ਵਿੱਚ ਪਖਾਨੇ ਨਾ ਜਾਣ ਸਬੰਧੀ ਪ੍ਰੇਰਤ ਕੀਤਾ ਗਿਆ। ਇੰਜ : ਬਲਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਪਾਣੀ ਦੀ ਗੁਣਵੱਤਾ ਦੀ ਜਾਂਚ ਜਿਵੇਂ ਕਿ ਭੌਤਿਕ ਜਾਂਚ, ਜੈਵਿਕ ਜਾਂਚ ਅਤੇ ਰਸਾਇਣਕ ਜਾਂਚ ਕਰਨੀ ਅਤੇ ਪਾਣੀ ਦੀ ਸ਼ੁਧਤਾ ਦੇ ਵੱਖ-ਵੱਖ ਮਾਪਦੰਡਾਂ ਦਾ ਨਿਰਧਾਰਤ ਸਮੇਂ ਅੰਦਰ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਪਾਣੀ ਦੀ ਕਲੋਰੀਨੇਸ਼ਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਸਬੰਧਤ ਪੰਪ ਓਪਰੇਟਰ ਨੂੰ ਹਦਾਇਤ ਕੀਤੀ ਗਈ ਕਿ ਪਾਣੀ ਦੀ ਕਲੋਰੀਨੇਸ਼ਨ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇ। ਉਨਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਦੱਸਿਆ ਕਿ ਫਤਹਿਗੜ ਸਾਹਿਬ ਜ਼ਿਲੇ ਦੇ ਪਿੰਡਾਂ ਨੂੰ ਓ.ਡੀ.ਐਫ. ਘੋਸ਼ਿਤ ਕੀਤਾ ਜਾ ਚੁੱਕਾ ਹੈ ਇਸ ਲਈ ਇਸ ਨੂੰ ਬਰਕਰਾਰ ਰੱਖਣ ਲਈ ਇਹ ਹਰੇਕ ਪਿੰਡ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਨਾ ਆਪ ਖੁਲੇ ਵਿੱਚ ਪਖਾਨੇ ਜਾਵੇ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਵੇ। ਜਿਸ 'ਤੇ ਪਿੰਡਾਂ ਦੇ ਲੋਕਾਂ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਪਿੰਡਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਖੁਲੇ ਵਿੱਚ ਪਖਾਨੇ ਨਹੀਂ ਜਾਣ ਦੇਣਗੇ ਅਤੇ ਜ਼ਿਲੇ ਨੂੰ ਮਿਲਿਆ ਓ.ਡੀ.ਐਫ. ਦਾ ਮਾਣ ਇਸੇ ਤਰਾਂ ਬਰਕਰਾਰ ਰਹੇਗਾ।