ਦੇਸ਼ ਵਿਚ ਤੇਜ਼ੀ ਨਾਲ ਹੋ ਰਹੇ ਨੇ ਆਰਥਿਕ ਸੁਧਾਰ, ਸਰਕਾਰ ਲਗਾਤਾਰ ਕਰ ਰਹੀ ਕੰਮ: ਨਿਰਮਲਾ ਸੀਤਾਰਮਨ

24

September

2021

ਚੰਡੀਗੜ੍ਹ - ਅੱਜ ਕੇਂਦਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚੰਡੀਗੜ੍ਹ ਪਹੁੰਚੇ ਹਨ ਤੇ ਚੰਡੀਗੜ੍ਹ ਪਹੁੰਚ ਕੇ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਸਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਗਰਾਮ ਅਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਹ ਫਿਲਾਸਫੀ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਯਤਨ ਹੈ। ਸਾਰਿਆਂ ਨੂੰ ਆਰਥਿਕ ਗਤੀਵਿਧੀਆਂ ਵਿਚ ਭਾਗੀਦਾਰ ਬਣਾਇਆ ਜਾ ਰਿਹਾ ਹੈ। ਜੋ ਸਿਰਫ ਛੋਟੇ ਬਦਲਾਅ ਲਈ ਹੀ ਨਹੀਂ ਬਲਕਿ ਪਰਿਵਰਤਨਸ਼ੀਲ ਤਬਦੀਲੀ ਲਈ ਹਨ। ਵਿੱਤ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਰਨ, ਛੋਟੇ ਅਤੇ ਵੱਡੇ ਉਦਯੋਗ ਕਾਰੋਬਾਰ ਕਰਨ ਦੇ ਤਰੀਕੇ ਬਦਲ ਰਹੇ ਹਨ। ਡਿਜੀਟਾਈਜੇਸ਼ਨ ਵੱਡੇ ਪੱਧਰ 'ਤੇ ਹੋ ਰਿਹਾ ਹੈ। ਰੋਬੋਟਿਕਸ ਵੱਡੇ ਪੱਧਰ ਤੇ ਨਿਰਮਾਣ ਵਿਚ ਆ ਰਹੇ ਹਨ। ਅਸੀਂ ਕਾਰੋਬਾਰਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਸੌਕਾ ਬਣਾ ਰਹੇ ਹਾਂ। ਇਸ ਨਾਲ ਸਾਰੇ ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਲਾਭ ਹੋਵੇਗਾ। ਸੀਤਾਰਮਨ ਨੇ ਕਿਹਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ 7 ਸਤੰਬਰ ਤੋਂ 7 ਅਕਤੂਬਰ ਤੱਕ ਦੇਸ਼ ਭਰ ਵਿਚ ਕਈ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਸਰਕਾਰ ਅਜਿਹੀਆਂ ਕਈ ਯੋਜਨਾਵਾਂ ਚਲਾ ਰਹੀ ਹੈ, ਜਿਸ ਕਾਰਨ ਦੇਸ਼ ਦੀ ਅਰਥ ਵਿਵਸਥਾ ਵਿੱਚ ਸੁਧਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ 24 ਸਾਲਾਂ ਤੋਂ ਸਰਕਾਰ ਦਾ ਹਿੱਸਾ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ 'ਤੇ ਅਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇ ਕੰਮ 'ਤੇ ਕੋਰੋਨਾ ਦਾ ਪ੍ਰਭਾਵ ਪਿਆ ਹੈ ਉਹਨਾਂ ਦੀ ਸਰਕਾਰ ਲਗਾਤਾਰ ਮਦਦ ਕਰ ਰਹੀ ਹੈ। ਉਹ ਲੋਕ ਜਿਨ੍ਹਾਂ ਕੋਲ ਬੈਂਕ ਗਰੰਟੀ ਲਈ ਕੁਝ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਬੈਂਕ ਤੋਂ ਕਰਜ਼ਾ ਲੈਣ ਦੀ ਸਮੱਸਿਆ ਹੈ, ਸਰਕਾਰ ਅਜਿਹੇ ਲੋਕਾਂ ਲਈ ਵੀ ਕਈ ਵੱਡੀਆਂ ਸਕੀਮਾਂ ਵੀ ਚਲਾ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਜਨ ਧਨ ਯੋਜਨਾ ਦੇ ਅਧੀਨ ਜ਼ੀਰੋ ਬੈਲੇਂਸ ਬੈਂਕ ਖਾਤੇ ਖੋਲ੍ਹੇ ਸਨ ਤਾਂ ਉਸ ਸਮੇਂ ਵਿਰੋਧੀ ਧਿਰ ਨੇ ਉਸ ਦਾ ਮਜ਼ਾਕ ਉਡਾਇਆ ਪਰ ਅੱਜ ਉਸੇ ਬੈਂਕ ਖਾਤਿਆਂ ਰਾਹੀਂ, ਸਰਕਾਰ ਸਿੱਧਾ ਲਾਭਪਾਤਰੀ ਤੱਕ ਲੋੜੀਂਦੀ ਰਕਮ ਪਹੁੰਚਾ ਰਹੀ ਹੈ।ਹੁਣ ਤੱਕ ਅਰਬਾਂ ਰੁਪਏ ਲੋਕਾਂ ਨੂੰ ਵੰਡੇ ਜਾ ਚੁੱਕੇ ਹਨ। ਸਰਕਾਰ ਲੋਕਾਂ ਨੂੰ ਮੁਦਰਾ ਲੋਨ ਵੀ ਦੇ ਰਹੀ ਹੈ। ਜਿਸ ਤੋਂ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ। ਇਹ ਸਕੀਮਾਂ ਪਿੰਡ ਪੱਧਰ 'ਤੇ ਵੀ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਹਰ ਕੋਈ ਉਨ੍ਹਾਂ ਤੋਂ ਲਾਭ ਪ੍ਰਾਪਤ ਕਰ ਸਕੇ। ਰੇਹੜੀ ਫੜੀ ਵਿਕਰੇਤਾਵਾਂ ਨੂੰ ਲੋਨ ਵੀ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਲ ਦੇ ਆਪਣਾ ਕਾਰੋਬਾਰ ਚਲਾ ਸਕਣ। ਵਿੱਤ ਮੰਤਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਬਕਾ ਸਾਥ ਸਬਕਾ ਵਿਕਾਸ ਦਾ ਨਾਅਰਾ ਸਮਾਜ ਦੇ ਅੰਤ ਵਿਚ ਬੈਠੇ ਗਰੀਬ ਵਿਅਕਤੀ ਨੂੰ ਸ਼ਾਮਲ ਕੀਤੇ ਬਿਨਾਂ ਪੂਰਾ ਨਹੀਂ ਹੋ ਸਕਦਾ। ਨੋਟਬੰਦੀ ਬਾਰੇ 'ਚ ਉਹਨਾਂ ਕਿਹਾ ਕਿ ਨੋਟਬੰਦੀ ਦੇ ਕਾਰਨ ਜਾਅਲੀ ਕਰੰਸੀ 'ਤੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਗਿਆ ਅਤੇ ਕਾਲੇ ਧਨ 'ਚ ਕਮੀ ਆਈ। ਅੱਤਵਾਦੀ ਫੰਡਿੰਗ ਵਿਚ ਵੀ ਕਮੀ ਆਈ। ਉਹਨਾਂ ਕਿਹਾ ਕਿ ਪੈਟਰੋਲ ਡੀਜ਼ਲ ਛੇਤੀ ਹੀ ਜੀਐਸਟੀ ਦੇ ਦਾਇਰੇ ਵਿੱਚ ਆ ਸਕਦਾ ਹੈ। ਪੈਟਰੋਲ ਅਤੇ ਡੀਜ਼ਲ ਦੇ ਰੇਟ ਤੈਅ ਕੀਤੇ ਜਾਣਗੇ। ਕੇਂਦਰ ਅਤੇ ਰਾਜ ਸਰਕਾਰਾਂ ਤੈਅ ਕਰਨਗੀਆਂ ਕਿ ਪੈਟਰੋਲ ਅਤੇ ਡੀਜ਼ਲ ਨੂੰ ਕਦੋਂ ਜੀਐਸਟੀ ਦੇ ਅਧੀਨ ਲਿਆਉਣਾ ਹੈ ਅਤੇ ਕਿਸ ਦਰ 'ਤੇ ਲਿਆਉਣਾ ਹੈ। ਪੰਜਾਬ ਨੂੰ ਦਿੱਤੇ ਜਾਣ ਵਾਲੇ ਫੰਡ ਬਾਰੇ ਉਨ੍ਹਾਂ ਕਿਹਾ ਕਿ ਹਰ ਰਾਜ ਦੀਆਂ ਵੱਖੋ ਵੱਖਰੀਆਂ ਚੁਣੌਤੀਆਂ ਹਨ ਅਤੇ ਵੱਖੋ ਵੱਖਰੇ ਹਾਲਾਤ ਹਨ, ਕਿਸ ਰਾਜ ਨੂੰ ਕਿੰਨੀ ਰਾਸ਼ੀ ਦਿੱਤੀ ਜਾਵੇਗੀ, ਇਹ ਕੇਂਦਰ ਸਰਕਾਰ ਵੱਲੋਂ ਤੈਅ ਕੀਤਾ ਜਾਂਦਾ ਹੈ। ਇਹ ਰਾਜਾਂ ਦੀ ਮਨਮਾਨੀ ਦੁਆਰਾ ਨਿਰਧਾਰਤ ਨਹੀਂ ਕੀਤਾ ਜਾਂਦਾ।