ਸੈਕਟਰ-28 ਦੇ ਸਰਕਾਰੀ ਸਕੂਲ ਦੇ 68 ਬੱਚੇ ਗਣਿਤ ’ਚੋਂ ਫੇਲ੍ਹ

30

October

2018

ਚੰਡੀਗੜ੍ਹ, ਯੂਟੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-28 ਦਾ ਗਣਿਤ ਦਾ ਨਤੀਜਾ ਬਹੁਤ ਖਰਾਬ ਰਿਹਾ ਹੈ। ਇਸ ਦੇ 102 ਵਿਦਿਆਰਥੀਆਂ ਵਿੱਚੋਂ ਸਿਰਫ 34 ਵਿਦਿਆਰਥੀ ਹੀ ਪਾਸ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਜਮਾਤ ਦੇ ਫੇਲ੍ਹ ਹੋਏ ਕਈ ਵਿਦਿਆਰਥੀਆਂ ਦੇ ਬਾਕੀ ਵਿਸ਼ਿਆਂ ਵਿੱਚ 70 ਤੋਂ 80 ਫੀਸਦੀ ਅੰਕ ਹਨ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲ ਦੇ ਗਣਿਤ ਅਧਿਆਪਕਾਂ ਨੂੰ ਵਧੀਆ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਨੇ ਸਕੂਲ ਦੇ ਖਰਾਬ ਨਤੀਜੇ ਦੀ ਰਿਪੋਰਟ ਮੰਗੀ ਹੈ। ਇਸ ਸਕੂਲ ਦੇ ਇਸ ਜਮਾਤ ਦੇ ਇੰਨੇ ਵਿਦਿਆਰਥੀਆਂ ਦੇ ਫੇਲ੍ਹ ਹੋਣ ਨਾਲ ਅਗਲੇ ਸਾਲ ਤੋਂ ਦਸਵੀਂ ਜਮਾਤ ਦੇ ਬਿਹਤਰੀਨ ਨਤੀਜੇ ਦੇਣ ਦੇ ਕੀਤੇ ਦਾਅਵਿਆਂ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਸੀਬੀਐਸਈ ਵੱਲੋਂ ਇਸ ਸਾਲ ਮਈ ’ਚ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਸਿਰਫ 50 ਫੀਸਦੀ ਵਿਦਿਆਰਥੀ ਹੀ ਪਾਸ ਹੋਏ ਸਨ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਤੇ ਕਈ ਅਧਿਆਪਕਾਂ ਨੂੰ ਮੁਅੱਤਲ ਵੀ ਕਰ ਦਿੱਤਾ ਸੀ। ਮਗਰੋਂ ਕਮਜ਼ੋਰ ਵਿਦਿਆਰਥੀਆਂ ਦੀਆਂ ਵਿਸ਼ੇਸ਼ ਜਮਾਤਾਂ ਵੀ ਲਗਾਈਆਂ ਗਈਆਂ ਸਨ ਪਰ ਇਸ ਸਕੂਲ ਦੇ ਨਤੀਜੇ ਵਿੱਚ ਕੋਈ ਸੁਧਾਰ ਨਹੀਂ ਹੋਇਆ।ਇਸ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਬਾਕੀ ਵਿਸ਼ਿਆਂ ’ਚ 70 ਫੀਸਦੀ ਤੋਂ ਉਪਰ ਅੰਕ ਆਏ ਹਨ ਪਰ ਗਣਿਤ ਵਿੱਚ ਉਨ੍ਹਾਂ ਨੂੰ ਫੇਲ੍ਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਮਾਤ ਨੂੰ ਗਣਿਤ ਦੇ ਅਧਿਆਪਕ ਨੇ ਚੰਗੀ ਤਰ੍ਹਾਂ ਪੜ੍ਹਾਇਆ ਹੀ ਨਹੀਂ। ਪੰਜਾਬੀ ਟ੍ਰਿਬਿਊਨ ਵੱਲੋਂ ਜਦੋਂ ਸਕੂਲ ਜਾ ਕੇ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਸਕੂਲ ਦੇ ਦਸਵੀਂ ਦੇ ਤਿੰਨ ਸੈਕਸ਼ਨ ਹਨ ਤੇ ਤਿੰਨਾਂ ਨੂੰ ਤਿੰਨ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਹੈ। ਸਕੂਲ ਦੇ ਗਣਿਤ ਦੇ ਅਧਿਆਪਕ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਦਾ ਗਣਿਤ ਦਾ ਪੱਧਰ ਵਧੀਆ ਨਹੀਂ ਹੈ ਤੇ ਨੌਵੀਂ ਜਮਾਤ ਵਿੱਚ ਵੀ 135 ਵਿਦਿਆਰਥੀਆਂ ਵਿੱਚੋਂ ਸਿਰਫ 40 ਦੇ ਕਰੀਬ ਵਿਦਿਆਰਥੀ ਹੀ ਪਾਸ ਹੋਏ ਹਨ। ਫਾਈਨਲ ’ਚ ਤੀਜੇ ਨੰਬਰ ’ਤੇ ਸੀ ਸਕੂਲ: ਪ੍ਰਿੰਸੀਪਲ ਪ੍ਰਿੰਸੀਪਲ ਰਾਕੇਸ਼ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਗਣਿਤ ਅਧਿਆਪਕ ਵਧੀਆ ਹਨ ਤੇ ਇਸ ਸਾਲ ਦਸਵੀਂ ਜਮਾਤ ਦੇ ਨਤੀਜੇ ’ਚ ਸਕੂਲ ਸ਼ਹਿਰ ਵਿੱਚੋਂ ਤੀਜੇ ਨੰਬਰ ’ਤੇ ਸੀ ਪਰ ਖਰਾਬ ਨਤੀਜਿਆਂ ਦਾ ਕਾਰਨ ਬੋਰਡ ਵੱਲੋਂ ਅੱਠਵੀਂ ਤੱਕ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਾ ਕਰਨਾ ਹੈ। ਇਸ ਸਕੂਲ ਦੇ ਇਕ ਹੋਰ ਅਧਿਆਪਕ ਨੇ ਦੱਸਿਆ ਕਿ ਪੈਰੀਫੇਰੀ ਦੇ ਵਿਦਿਆਰਥੀ ਜ਼ਿਆਦਾਤਰ ਪਰਵਾਸੀ ਤੇ ਦਰਜਾ ਚਾਰ ਲੋਕਾਂ ਨਾਲ ਸਬੰਧਤ ਹਨ ਤੇ ਮਾਪਿਆਂ ’ਚ ਜਾਗਰੂਕਤਾ ਦੀ ਕਮੀ ਤੇ ਘਰ ਵਿੱਚ ਪੜ੍ਹਾਈ ਦਾ ਮਾਹੌਲ ਨਾ ਹੋਣਾ ਵੀ ਮੁੱਖ ਕਾਰਨ ਹੈ। ਨਤੀਜੇ ਸੁਧਾਰਨ ਲਈ ਯਤਨ ਕੀਤੇ ਜਾਣਗੇ: ਸਕੱਤਰ ਸਿੱਖਿਆ ਸਕੱਤਰ ਬੀਐਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਕਟਰ-28 ਸਕੂਲ ਦੇ ਇੰਨੀ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਫੇਲ੍ਹ ਹੋਣ ਦੀ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਨੇ ਅਧਿਕਾਰੀਆਂ ਦੀ ਡਿਊਟੀ ਲਾਈ ਹੈ ਕਿ ਸਕੂਲਾਂ ’ਚ ਕਮਜ਼ੋਰ ਵਿਦਿਆਰਥੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀਆਂ ਵਿਸ਼ੇਸ਼ ਜਮਾਤਾਂ ਲਗਾਈਆਂ ਜਾਣ।