ਚੰਡੀਗੜ੍ਹ ਨਿਗਮ ਪਾਣੀ ਦੀ ਬਰਬਾਦੀ ਰੋਕਣ ਲਈ ਸਖਤੀ ਦੀ ਤਿਆਰੀ ’ਚ

30

October

2018

ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਭਲਕੇ ਮੰਗਲਵਾਰ ਨੂੰ ਹੋਣ ਜਾ ਰਹੀ ਮਾਸਿਕ ਮੀਟਿੰਗ ਦੌਰਾਨ ਜਿਥੇ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਹੋਰ ਯੋਜਨਾਵਾਂ ਨੂੰ ਲੈ ਕੇ ਪੇਸ਼ ਕੀਤੇ ਜਾਣ ਵਾਲੇ ਮਤਿਆਂ ’ਤੇ ਚਰਚਾ ਕੀਤੀ ਜਾਵੇਗੀ, ਉਥੇ ਲੰਘੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਥੋਂ ਦੇ 13 ਪਿੰਡਾਂ ਨੂੰ ਨਗਰ ਨਿਗਮ ਦੇ ਹਵਾਲੇ ਕਰਨ ਬਾਰੇ ਜਾਰੀ ਡਰਾਫਟ ਨੋਟੀਫਿਕੇਸ਼ਨ ਵੀ ਖਾਸ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਮੀਟਿੰਗ ਦੌਰਾਨ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਅਤੇ ਲੁੱਕ ਵਿਛਾਉਣ ਦੇ ਕਾਰਜਾਂ ਲਈ 68.93 ਕਰੋੜ ਰੁਪਏ ਇਕ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਇਸ ਕਾਰਜ ਬਾਰੇ ਤਿਆਰ ਕੀਤੀ ਗਈ ਤਜਵੀਜ਼ ਅਨੁਸਾਰ ਸ਼ਹਿਰ ਦੀਆਂ 456 ਕਿਲੋਮੀਟਰ ਸੜਕਾਂ ’ਤੇ ਲੁੱਕ ਵਿਛਾਉਣ ਦਾ ਕੰਮ ਕੀਤਾ ਜਾਣਾ ਹੈ। ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਲੈ ਕੇ ਵੀ ਨਗਰ ਨਿਗਮ ਸਖਤੀ ਕਰਨ ਦੀ ਤਿਆਰੀ ਵਿੱਚ ਹੈ। ਇਸ ਬਾਰੇ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਪੇਸ਼ ਕੀਤੇ ਜਾਣ ਵਾਲੇ ਮਤੇ ਅਨੁਸਾਰ ਹੁਣ ਗਰਮੀਆਂ ਦੀ ਰੁੱਤ ਦੀ ਬਜਾਏ ਪੂਰੇ ਸਾਲ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨਾ ਲਾਇਆ ਜਾਵੇਗਾ। ਇਹ ਜੁਰਮਾਨਾ ਰਾਸ਼ੀ ਵੀ ਢਾਈ ਹਜ਼ਾਰ ਰੁਪਏ ਤੋਂ ਵਧਾ ਕੇ ਪੰਜ ਹਜ਼ਾਰ ਰੁਪਏ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਜ਼ੁਰਮਾਨੇ ਤੋਂ ਇਲਾਵਾ ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਜ਼ੁਰਮਾਨੇ ਦੀ ਰਾਸ਼ੀ ਤੇ ਨਾਲ ਨਾਲ ਉਸਦਾ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਜਾਵੇਗਾ। ਇਸ ਤਜਵੀਜ਼ ਨੂੰ ਲਾਗੂ ਕਰਨ ਲਈ ਭਲਕੇ ਨਿਗਮ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਚੰਡੀਗੜ੍ਹ ਵਿੱਚ ਪਾਲਤੂ ਕੁੱਤਿਆਂ ਨੂੰ ਲੈ ਕੇ ‘ਡਾਗਸ ਬਾਇਲਾਜ ਕਮਿਸਟਰੇਸ਼ਨ 2010’ ਵਿੱਚ ਵੀ ਦੋ ਤੋਂ ਜ਼ਿਆਦਾ ਪਾਲਤੂ ਕੁੱਤਿਆਂ ਤੇ ਕੁੱਤਿਆਂ ਨੂੰ ਗੋਦ ਲੈਣ ਸਬੰਧੀ ਸੋਧ ਕਰਨ ਲਈ ਖਰੜਾ ਪੇਸ਼ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਪਿਛਲੇ ਸਾਲ ਇਥੋਂ ਦੇ ਸੈਕਟਰ-18 ਵਿੱਚ ਡੇਢ ਸਾਲ ਦੇ ਬੱਚੇ ਦੀ ਅਵਾਰਾ ਕੁੱਤਿਆਂ ਦੇ ਵੱਢਣ ਕਾਰਨ ਹੋਈ ਮੌਤ ਨੂੰ ਲੈ ਕੇ ਮੁਆਵਜ਼ਾ ਦੇਣ ’ਤੇ ਵੀ ਚਰਚਾ ਕੀਤੀ ਜਾਵੇਗੀ। ਨਗਰ ਨਿਗਮ ਹਾਊਸ ਵੱਲੋਂ ਅਗਲੇ ਸਾਲ 2019 ਵਿੱਚ ਲਾਏ ਜਾਣ ਵਾਲੇ 47ਵੇਂ ਗੁਲਾਬ ਮੇਲੇ ਲਈ ਪ੍ਰਸਤਾਵਿਤ 75.59 ਲੱਖ ਰੁਪਏ ਦੇ ਬਜਟ ਨੂੰ ਲੈ ਕੇ ਤਿਆਰ ਕੀਤੀ ਤਜਵੀਜ਼ ਦੇ ਮਤੇ ’ਤੇ ਵੀ ਚਰਚਾ ਕੀਤੀ ਜਾਵੇਗੀ। ਇਨ੍ਹਾ ਮਤਿਆਂ ਤੋਂ ਇਲਾਵਾ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹੋਰ ਵੀ ਕਈ ਮਤੇ ਪੇਸ਼ ਕੀਤੇ ਜਾ ਰਹੇ ਹਨ।