ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

20

September

2021

ਚੰਡੀਗੜ੍ਹ, 20 ਸਤੰਬਰ ਚਮਕੌਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਭਵਨ ਪਹੁੰਚ ਕੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਵੀ ਸਹੁੰ ਚੁੱਕੀ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਣੇ ਹੋਰ ਵਿਧਾਇਕ ਵੀ ਹਾਜ਼ਰ ਸਨ। ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਦਫ਼ਾ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਹਨ। ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ਵਿੱਚੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਸਨ। ਉਹ ਚਮਕੌਰ ਸਾਹਿਬ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ। ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਸ੍ਰੀ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ ਨੂੰ ਹੀ ਦੁਪਹਿਰ 12.30 ਵਜੇ ਚੰਡੀਗੜ੍ਹ ਸਥਿਤ ਪੰਜਾਬ ਭਵਨ ’ਚ ਪ੍ਰੈੱਸ ਕਾਨਫਰੰਸ ਸੱਦ ਲਈ ਹੈ।