ਸਰਕਾਰ ਨੇ ਸੇਵਾਵਾਂ ਰੈਗੂਲਰ ਕਰਵਾਉਣ ਵਾਲੇ ਅਧਿਆਪਕਾਂ ਲਈ ਮੁੜ ਖੋਲ੍ਹਿਆ ਪੋਰਟਲ

29

October

2018

ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਿੱਖਿਆ ਵਿਭਾਗ ਵਿੱਚ ਸੁਸਾਇਟੀਆਂ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਰੈਗੂਲਰ ਹੋਣ ਲਈ ਮੁੜ ਮੌਕਾ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਕੋਲ ਪੋਰਟਲ ਖੋਲ੍ਹਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਹ ਮੌਕਾ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਲਿਖ਼ਤੀ ਰੂਪ ਵਿੱਚ ਕੀਤਾ ਹੈ। ਸਿੱਖਿਆ ਵਿਭਾਗ ਵਿੱਚ ਹਾਜ਼ਰ ਹੋਣ ਲਈ ਹੁਕਮਾਂ ਦੀ ਕਾਪੀ ਲੈਣ ਪਹੁੰਚੇ ਇੱਕ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ 23 ਅਕਤੂਬਰ ਨੂੰ ਆਨਲਾਈਨ ਅਪਲਾਈ ਕਰ ਦਿੱਤਾ ਸੀ ਪਰ ਉਹ ਯੂਨੀਅਨਾਂ ਦੇ ਦਬਾਅ ਕਾਰਨ ਸਾਹਮਣੇ ਨਹੀਂ ਆ ਰਹੇ ਹਨ, ਕਿਉਂਕਿ ਸੋਸ਼ਲ ਮੀਡੀਆ ’ਤੇ ਜਾਣਬੁੱਝ ਕੇ ਅਧਿਆਪਕ ਉਨ੍ਹਾਂ ਦੀਆਂ ਤਸਵੀਰਾਂ ’ਤੇ ਕਥਿਤ ਭੱਦੀ ਸ਼ਬਦਾਵਲੀ ਲਿਖ ਰਹੇ ਹਨ। ਜਾਣਕਾਰੀ ਅਨੁਸਾਰ 9 ਅਕਤੂਬਰ ਤੋਂ 23 ਅਕਤੂਬਰ ਤੱਕ ਨੋਟੀਫਿਕੇਸ਼ਨ ਅਨੁਸਾਰ 15 ਦਿਨਾਂ ਦਾ ਸਮਾਂ ਸਮੂਹ ਅਧਿਆਪਕਾਂ ਨੂੰ ਦਿੱਤਾ ਗਿਆ ਸੀ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਸਿੱਖਿਆ ਵਿਭਾਗ ਵਿੱਚ ਆਉਣ ਦੀ ਤਰੀਕ ਬੀਤੀ 23 ਅਕਤੂਬਰ ਨੂੰ ਸਮਾਪਤ ਹੋ ਗਈ ਸੀ ਪਰ ਅਧਿਆਪਕਾਂ ਨੇ ਮੁੱਖ ਦਫ਼ਤਰ ਵਿੱਚ ਪਹੁੰਚ ਕੇ ਅਪੀਲ ਕੀਤੀ ਕਿ ਪੋਰਟਲ ਨੂੰ ਖੋਲ੍ਹਿਆ ਜਾਵੇ ਤਾਂ ਜੋ ਸਿੱਖਿਆ ਵਿਭਾਗ ਵਿੱਚ ਆਉਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ।