Arash Info Corporation

2 ਵਿਦਿਆਰਥੀਆਂ ਦੇ ਖਾਤੇ ਵਿਚ ਅਚਾਨਕ ਆਏ 960 ਕਰੋੜ ਰੁਪਏ, ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ

16

September

2021

ਪਟਨਾ: ਬਿਹਾਰ ਦੇ ਕਟਿਹਾਰ ਵਿਚ ਦੋ ਸਕੂਲੀ ਬੱਚਿਆਂ ਦੇ ਬੈਂਕ ਖਾਤਿਆਂ ਵਿਚ ਅਚਾਨਕ 960 ਕਰੋੜ ਰੁਪਏ ਆ ਗਏ। ਇੰਨੀ ਵੱਡੀ ਰਕਮ ਖਾਤਿਆਂ ਵਿਚ ਆਉਣ ਤੋਂ ਬਾਅਦ ਵਿਦਿਆਰਥੀਆਂ ਦੇ ਨਾਲ-ਨਾਲ ਬੈਂਕ ਅਧਿਕਾਰੀ ਵੀ ਹੈਰਾਨ ਰਹਿ ਗਏ। ਜਦੋਂ ਇਸ ਬਾਰੇ ਹੋਰ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਵੀ ਅਪਣੇ ਖਾਤੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਇਸ ਦੇ ਚਲਦਿਆਂ ਬੈਕਾਂ ਵਿਚ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਬਿਹਾਰ ਸਰਕਾਰ ਵੱਲੋਂ ਸਕੂਲ ਦੀਆਂ ਵਰਦੀਆਂ ਲਈ ਭੇਜੇ ਜਾਣ ਵਾਲੇ ਪੈਸਿਆਂ ਦੀ ਜਾਣਕਾਰੀ ਲਈ ਆਜਮਨਗਰ ਥਾਣਾ ਖੇਤਰ ਦੇ ਪਸਤੀਆ ਪਿੰਡ ਦੇ ਦੋ ਸਕੂਲੀ ਵਿਦਿਆਰਥੀ ਐਸਬੀਆਈ ਦੇ ਸੀਐਸਪੀ ਸੈਂਟਰ ਪਹੁੰਚੇ। ਇਹਨਾਂ ਦੋਵਾਂ ਨੇ ਜਦੋਂ ਅਪਣੇ ਖਾਤਿਆਂ ਦੀ ਜਾਣਕਾਰੀ ਲਈ ਤਾਂ ਪਤਾ ਚੱਲਿਆ ਕਿ ਖਾਤੇ ਵਿਚ ਕਰੋੜਾਂ ਰੁਪਏ ਜਮਾਂ ਹਨ। ਦੋਵਾਂ ਦੇ ਖਾਤਿਆਂ ਵਿਚ 960 ਕਰੋੜ ਦੀ ਰਕਮ ਆਈ ਸੀ, ਜਿਸ ਵਿਚ ਇਕ ਵਿਦਿਆਰਥੀ ਦੇ ਖਾਤੇ ਵਿਚ 60 ਕਰੋੜ ਤੋਂ ਜ਼ਿਆਦਾ ਅਤੇ ਇਕ ਹੋਰ ਦੇ ਖਾਤੇ ਵਿਚ 900 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਜਮਾਂ ਸੀ। ਇਹ ਸੁਣ ਕੇ ਦੋਵੇਂ ਵਿਦਿਆਰਥੀਆਂ ਦੇ ਕੋਲ ਖੜ੍ਹੇ ਲੋਕ ਅਤੇ ਬੈਂਕ ਕਰਮਚਾਰੀ ਹੈਰਾਨ ਰਹਿ ਗਏ।ਜਦੋਂ ਬੈਂਕ ਮੈਨੇਜਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਦੋਵੇਂ ਖਾਤਿਆਂ ਤੋਂ ਭੁਗਤਾਨ ’ਤੇ ਰੋਕ ਲਗਾ ਦਿੱਤੀ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।