ਚੋਣ ਲੜੇਗੀ ਪ੍ਰਿਯੰਕਾ ਗਾਂਧੀ! ਬਣੇਗੀ ਵਿਧਾਨ ਸਭਾ ਚੋਣਾਂ ਲੜਨ ਵਾਲੀ ਗਾਂਧੀ ਪਰਿਵਾਰ ਦੀ ਪਹਿਲੀ ਮੈਂਬਰ

15

September

2021

ਲਖਨਊ: ਅਗਲੇ ਸਾਲ ਹੋਣ ਜਾ ਰਹੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਜਨਰਲ ਸਕੱਤਰ ਅਤੇ ਯੂਪੀ ਤੋਂ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਰਾਏਬਰੇਲੀ ਜਾਂ ਅਮੇਠੀ ਦੀ ਕਿਸੇ ਸੀਟ ਤੋਂ ਚੋਣ ਮੈਦਾਨ ਵਿਚ ਉਤਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਿਯੰਕਾ, ਗਾਂਧੀ ਪਰਿਵਾਰ ਦੀ ਪਹਿਲੀ ਮੈਂਬਰ ਹੋਵੇਗੀ ਜੋ ਵਿਧਾਨ ਸਭਾ ਚੋਣਾਂ ਲੜੇਗੀ। ਇਸ ਤੋਂ ਪਹਿਲਾਂ ਗਾਂਧੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਿਰਫ ਲੋਕ ਸਭਾ ਚੋਣਾਂ ਹੀ ਲੜੀਆਂ ਹਨ। ਸੂਤਰਾਂ ਅਨੁਸਾਰ ਪ੍ਰਿਯੰਕਾ ਦੀ ਪਹਿਲੀ ਪਸੰਦ ਅਮੇਠੀ ਹੈ ਕਿਉਂਕਿ ਉੱਥੋਂ ਪ੍ਰਿਯੰਕਾ ਗਾਂਧੀ ਲੋਕ ਸਭਾ ਚੋਣਾਂ ਲਈ ਤਿਆਰੀ ਕਰੇਗੀ, ਜਿਸ ਨਾਲ ਸਮ੍ਰਿਤੀ ਇਰਾਨੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਚੁਣੌਤੀ ਦਿੱਤੀ ਜਾ ਸਕੇ। ਬੀਤੇ ਦਿਨੀਂ ਲਖਨਊ ਵਿਚ ਹੋਈ ਮੀਟਿੰਗ ਵਿਚ ਸਲਾਹਕਾਰ ਕਮੇਟੀ ਨੇ ਵੀ ਪ੍ਰਿਯੰਕਾ ਗਾਂਧੀ ਨੂੰ ਕਿਹਾ ਸੀ ਕਿ ਉਹਨਾਂ ਦੇ ਚੋਣ ਮੈਦਾਨ ਵਿਚ ਆਉਣ ਨਾਲ ਯੂਪੀ ਵਿਚ ਕਾਂਗਰਸ ਨੂੰ ਨਵੀਂ ਤਾਕਤ ਮਿਲੇਗੀ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਪ੍ਰਿਯੰਕਾ ਨੂੰ ਸੁਝਾਅ ਦਿੱਤਾ ਸੀ ਕਿ ਉਹਨਾਂ ਨੂੰ ਖੁਦ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿਚ ਉਤਰਨਾ ਚਾਹੀਦਾ ਹੈ। ਪ੍ਰਿਯੰਕਾ ਗਾਂਧੀ ਨੇ ਖੁਦ ਚੋਣ ਲੜਨ ਜਾਂ ਨਾ ਲੜਨ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਗਾਂਧੀ ਦੇ ਦਫਤਰ ਵੱਲੋਂ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਰਾਏਬਰੇਲੀ ਅਤੇ ਅਮੇਠੀ ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।