ਕਾਰ ਵੱਲੋਂ ਮਾਰੀ ਫ਼ੇਟ ਕਾਰਨ ਰਾਹਗੀਰ ਦੀ ਮੌਤ

29

October

2018

ਬਨੂੜ, ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਕਰਾਲਾ ਵਿੱਚ ਤੇਜ਼ ਰਫ਼ਤਾਰ ਕਾਰ ਵਲੋਂ ਮਾਰੀ ਫ਼ੇਟ ਨਾਲ ਪੈਦਲ ਜਾ ਰਹੇ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਵਾਪਰਿਆ। ਮਾਮਲੇ ਦੇ ਜਾਂਚ ਅਧਿਕਾਰੀ ਅਤੇ ਥਾਣਾ ਬਨੂੜ ਦੇ ਏਐਸਆਈ ਬਲਜਿੰਦਰ ਢਿੱਲੋਂ ਨੇ ਦੱਸਿਆ ਕਿ ਪਿੰਡ ਕਰਾਲਾ ਦਾ ਵਸਨੀਕ ਸੁਖਪ੍ਰੀਤ ਸਿੰਘ ਪੈਦਲ ਹੀ ਪਿੰਡ ਵਿੱਚ ਜਾ ਰਿਹਾ ਸੀ ਤੇ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੋਂ ਟੱਕਰ ਮਾਰੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਿੰਡ ਵਾਸੀਆਂ ਵੱਲੋਂ ਉਸ ਨੂੰ ਤੁਰੰਤ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ ਪਰ ਚਸ਼ਮਦੀਦ ਗਵਾਹਾਂ ਵੱਲੋਂ ਕਾਰ ਦਾ ਨੰਬਰ ਨੋਟ ਕੀਤਾ ਹੋਣ ਕਾਰਨ ਪੁਲੀਸ ਨੇ ਕਾਰ ਚਾਲਕ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇਥੇ 25 ਅਕਤੂਬਰ ਨੂੰ ਵਾਲਮੀਕ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਟਰੈਕਟਰ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋਏ ਵਿਅਕਤੀ ਦੀ ਬੀਤੇ ਦਿਨ ਜ਼ੇਰੇ ਇਲਾਜ ਮੌਤ ਹੋ ਗਈ। ਉਸ ਦੀ ਪਛਾਣ 39 ਸਾਲਾਂ ਦੇ ਅਮਰਜੀਤ ਸਿੰਘ ਵਾਸੀ ਕਾਲਜ ਕਲੋਨੀ ਵਜੋਂ ਹੋਈ ਹੈ। ਪੜਤਾਲੀਆ ਅਫਸਰ ਏਐਸਆਈ ਨਰਿੰਦਰ ਕੁਮਾਰ ਨੇ ਦੱਸਿਆ ਵਾਲਮੀਕ ਜੈਅੰਤੀ ਮੌਕੇ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਸੀ। ਇਸ ਦੌਰਾਨ ਸ਼ਿਵ ਮੰਦਿਰ ਮੇਨ ਬਾਜ਼ਾਰ ਵਿਖੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਇਕ ਟਰੈਕਟਰ ਚਾਲਕ ਵੱਲੋਂ ਬਰੇਕ ਨਾ ਲੱਗਣ ਕਾਰਨ ਅੱਗੇ ਜਾ ਰਿਹਾ ਰੇਹੜੀ ਚਾਲਕ ਅਮਰਜੀਤ ਸਿੰਘ ਟਰੈਕਟਰ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਕਲ੍ਹ ਸ਼ਾਮ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਟਰੈਕਟਰ ਚਾਲਕ ਬਲਜਿੰਦਰ ਸਿੰਘ ਵਾਸੀ ਪਿੰਡ ਹਰੀਪੁਰ ਕੁੜਾ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।