ਮਿਸ਼ਨ ਤੰਦਰੁਸਤ ਪੰਜਾਬ ਅਧੀਨ 30 ਸਾਲ ਤੋਂ ਵੱਧ ਉਮਰ ਦੇ 681 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ : ਡਾ. ਅਗਰਵਾਲ

18

September

2018

ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਮੁਖਤਿਆਰ ਸਿੰਘ): ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ 30 ਸਾਲ ਤੋਂ ਵੱਧ ਉਮਰ ਦੇ 681 ਮਰੀਜਾਂ ਦਾ ਚੈਕਅੱਪ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਹਸਪਤਾਲ ਵਿਖੇ 543 ਮਰੀਜਾਂ ਦਾ, ਸੀ.ਐਚ.ਸੀ. ਅਮਲੋਹ ਵਿਖੇ 49 ਮਰੀਜਾਂ ਦਾ, ਸੀ.ਐਚ.ਸੀ. ਖੇੜਾ ਵਿਖੇ 32 ਮਰੀਜਾਂ ਦਾ, ਪੀ.ਐਚ.ਸੀ. ਨੰਦਪੁਰ ਕਲੌੜ ਵਿਖੇ 13 ਅਤੇ ਸੀ.ਐਚ.ਸੀ. ਚਨਾਰਥਲ ਵਿਖੇ 44 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਸਰਹਿੰਦ ਅਤੇ ਅਮਲੋਹ ਵਿਖੇ ਲਗਾਤਾਰ ਫੀਵਰ ਜਾਗਰੂਕਤਾ ਸਰਵੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਘਰਾਂ ਵਿੱਚ ਪਏ ਫਰਿੱਜਾਂ ਦੇ ਪਿਛੇ ਬਣੀਆਂ ਪਾਣੀ ਦੀਆਂ ਬਾਲਟੀਆਂ ਨੂੰ ਖਾਲੀ ਕਰਕੇ ਸਾਫ ਕੀਤਾ ਜਾਵੇ ਅਤੇ ਹਫਤੇ ਵਿੱਚ ਇੱਕ ਵਾਰ ਆਪਣੇ ਕੂਲਰਾਂ ਨੂੰ ਸੁੱਕਾ ਕੇ ਸਾਫ ਕੀਤਾ ਜਾਵੇ ਕਿਉਂਕਿ ਡੇਂਗੂ ਦਾ ਮੱਛਰ ਹਮੇਸ਼ਾਂ ਸਾਫ ਸੁਥਰੇ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਇਸ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਦਿਨ ਵੇਲੇ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕਪੜੇ ਹੀ ਪਹਿਨੇ ਜਾਣ ਅਤੇ ਰਾਤ ਸਮੇਂ ਮੱਛਰ ਮਾਰ ਕਰੀਮਾਂ, ਬਿਜਲਈ ਯੰਤਰਾਂ ਤੇ ਹੋਰ ਉਪਕਰਣਾਂ ਦਾ ਇਸਤੇਮਾਲ ਕੀਤਾ ਜਾਵੇ। ਡਾ. ਅਗਰਵਾਲ ਨੇ ਦੱਸਿਆ ਕਿ ਰਾਸ਼ਟਰੀ ਬਾਲ ਸੁਰਕਸ਼ਾ ਕਾਰਿਆਕ੍ਰਮ ਤਹਿਤ 3 ਸਕੂਲਾਂ ਤੇ 13 ਆਂਗਨਵਾੜੀ ਕੇਂਦਰਾਂ ਦੇ 337 ਬੱਚਿਆਂ ਦੀ ਮੁਫਤ ਸਿਹਤ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 33 ਬੱਚਿਆਂ ਨੂੰ ਇਲਾਜ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਭੇਜਿਆ ਗਿਆ ਹੈ।