Arash Info Corporation

ਮੋਤੀ ਮਹਿਲ ਵੱਲ ਜਾਂਦੇ ਮੁਲਾਜ਼ਮ ਤੇ ਮਜ਼ਦੂਰ ਪੁਲੀਸ ਨੇ ਫੁਹਾਰਾ ਚੌਕ ’ਤੇ ਰੋਕੇ

27

October

2018

ਪਟਿਆਲਾ ‘ਪੰਜਾਬ ਤੇ ਯੂਟੀ ਐਂਪਲਾਈਜ਼ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ’ ਦੇ ਸੱਦੇ ’ਤੇ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਤੋਂ ਆਏ ਹਜ਼ਾਰਾਂ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਇਥੇ ਮਹਾਂ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੇ ਮਹਿਲ ਵੱਲ ਰੋਸ ਮਾਰਚ ਕੀਤਾ। ਪਰ ਇਸ ਕਾਫਲੇ ਨੂੰ ਪੁਲੀਸ ਨੇ ਮਹਿਲ ਤੋਂ ਪਿਛਾਂਹ ਫੁਹਾਰਾ ਚੌਕ ’ਤੇ ਹੀ ਰੋਕ ਲਿਆ। ਇਸ ਕਾਰਨ ਧਰਨਾ ਮਾਰਦਿਆਂ ਮੁਲਾਜ਼ਮਾਂ ਨੇ ਘੰਟਾ ਭਰ ਇਥੇ ਸੜਕ ਆਵਾਜਾਈ ਰੋਕੀ ਰੱਖੀ। ਇਥੇ ਕੁਝ ਮੁਲਾਜ਼ਮਾਂ ਨੇ ਨੰਗੇ ਧੜ ਪ੍ਰਦਰਸ਼ਨ ਵੀ ਕੀਤਾ। ਅਖੀਰ ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਾਲ਼ 30 ਅਕਤੂਬਰ ਲਈ ਮੀਟਿੰਗ ਮੁਕੱਰਰ ਹੋਣ ਉਪਰੰਤ ਹੀ ਧਰਨਾ ਚੁੱਕਿਆ ਗਿਆ। ਪੇਅ-ਕਮਿਸ਼ਨ ਤੇ ਡੀ.ਏ ਦੀਆਂ ਕਿਸ਼ਤਾਂ ਤੇ ਬਕਾਏ ਆਦਿ ਸਮੇਤ ਅਨੇਕਾਂ ਹੋਰ ਮੰਗਾਂ ਦੀ ਪੂਰਤੀ ਲਈ ਹੋਈ ਇਸ ਰੈਲੀ ਦੀ ਅਗਵਾਈ ਐਕਸ਼ਨ ਕਮੇਟੀ ਆਗੂਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਜਗਦੀਸ਼ ਸਿੰਘ ਚਾਹਲ, ਰਣਧੀਰ ਸਿੰਘ ਢਿੱਲੋਂ ਤੇ ਗੁਰਮੇਲ ਸਿੰਘ ਮੈਡਲੇ ਨੇ ਕੀਤੀ। ਇਸ ਮੌਕੇ 11 ਨਵੰਬਰ ਨੂੰ ਚੰਡੀਗੜ੍ਹ ਵਿੱਚ ਜਥੇਬੰਦਕ ਕਨਵੈਨਸ਼ਨ ਕਰਨ ਸਮੇਤ 15 ਨੂੰ ਬਠਿੰਡਾ, 27 ਨੂੰ ਮੁਹਾਲੀ, 6 ਦਸੰਬਰ ਨੂੰ ਅੰਮ੍ਰਿਤਸਰ ਅਤੇ 20 ਦਸੰਬਰ ਨੂੰ ਲੁਧਿਆਣਾ ਹਲਕੇ ਵਿੱਚ ਜੋਨਲ ਰੈਲੀਆਂ ਤੇ ਝੰਡਾ ਮਾਰਚ ਕਰਨ ਦਾ ਐਲਾਨ ਵੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮਾਫੀਏ ਪਹਿਲਾਂ ਵਾਂਗ ਹੀ ਪੰਜਾਬ ਨੂੰ ਲੁੱਟ ਰਹੇ ਹਨ ਤੇ ਖ਼ਮਿਆਜ਼ਾ ਮੁਲਾਜ਼ਮ, ਮਜ਼ਦੂਰ ਤੇ ਲੋਕ ਭੁਗਤ ਰਹੇ ਹਨ। ਠੇਕੇਦਾਰੀ ਸਿਸਟਮ ਅਧੀਨ ਲੱਖਾਂ ਕਰਮਚਾਰੀਆਂ ਦੇ ਭੁੱਖਮਰੀ ਵਾਲ਼ੇ ਹਾਲਾਤ ਬਣੇ ਹੋਏ ਹਨ। ਚੋਣ ਵਾਅਦੇ ਪੁੂਰੇ ਨਾ ਹੋਣ ਕਰਕੇ ਵੱਖ ਵੱਖ ਵਰਗ ਸੜਕਾਂ ’ਤੇ ਆ ਗਏ ਹਨ। ਨੇਤਾਵਾਂ ਨੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲੈਣ ਸਮੇਤ ਮੁਲਾਜ਼ਮ ਵਰਗ ਦੀਆਂ ਅਨੇਕਾਂ ਹੋਰ ਸਾਂਝੀਆਂ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਬਲਕਾਰ ਵਲਟੋਹਾ, ਰਣਜੀਤ ਸਿੰਘ ਰਾਣਵਾਂ, ਹਰਭਜਨ ਪਿਲਖਣੀ, ਮੋਹਨ ਸਿੰਘ ਨੇਗੀ, ਅਸ਼ੀਸ਼ ਜੁਲਾਹਾ ਤੇ ਕਰਤਾਰ ਸਿੰਘ ਪਾਲ ਨੇ ਵੀ ਵਿਚਾਰ ਪੇਸ਼ ਕੀਤੇ। ਜਦਕਿ ਡੀ.ਪੀ ਮੌੜ, ਉਤਮ ਸਿੰਘ ਬਾਗੜੀ, ਅਰਵਿੰਦਰ ਗੋਲਡੀ, ਗੁਰਮੀਤ ਵਾਲੀਆ, ਸੁਖਚੈਨ ਖਹਿਰਾ ਆਦਿ ਵੀ ਹਾਜ਼ਰ ਸਨ।