Arash Info Corporation

ਜਹਾਜ਼ ਵਿੱਚ ਤੇਲ ਭਰੇ ਬਗੈਰ ਹੀ ਉਡਾਣ ਭਰਨ ਦੀ ਕੋਸ਼ਿਸ਼

27

October

2018

ਐਸਏਐਸ ਨਗਰ (ਮੁਹਾਲੀ), ਮੁਹਾਲੀ ਕੌਮਾਂਤਰੀ ਏਅਰਪੋਰਟ ਤੋਂ ਹੈਦਰਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੰਬਰ-6ਈ 274 ਦੇ ਪਾਇਲਟ ਨੇ ਕਥਿਤ ਤੌਰ ’ਤੇ ਤੇਲ ਭਰਵਾਏ ਬਿਨਾਂ ਹੀ ਉਡਾਣ ਭਰਨ ਦੀ ਕੋਸ਼ਿਸ਼ ਕੀਤੀ। ਇਸ ਜਹਾਜ਼ ਨੇ ਅੱਜ ਬਾਅਦ ਦੁਪਹਿਰ ਕਰੀਬ ਸਵਾ ਦੋ ਵਜੇ ਰਨਵੇ ’ਤੇ ਉਡਾਣ ਭਰਨੀ ਸੀ। ਜਹਾਜ਼ ਵਿੱਚ 160 ਯਾਤਰੀ ਸਵਾਰ ਸਨ। ਇਸ ਲਾਪ੍ਰਵਾਹੀ ਕਾਰਨ ਕਰੀਬ ਅੱਧਾ ਘੰਟਾ ਦੇਰੀ ਨਾਲ ਜਹਾਜ਼ ਨੂੰ ਹੈਦਰਾਬਾਦ ਲਈ ਰਵਾਨਾ ਕੀਤਾ ਗਿਆ। ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਮਿੱਥੇ ਸਮੇਂ ’ਤੇ ਜਹਾਜ਼ ਰਨਵੇ ’ਤੇ ਉਡਾਣ ਭਰਨ ਲਈ ਤੁਰ ਪਿਆ ਸੀ ਅਤੇ ਜਹਾਜ਼ ਨੇ ਪੂਰੀ ਸਪੀਡ ਵੀ ਫੜ ਲਈ ਸੀ। ਅਚਾਨਕ ਰਨਵੇ ’ਤੇ ਹੀ ਜਹਾਜ਼ ਦੇ ਪਾਇਲਟ ਵੱਲੋਂ ਬਰੇਕ ਲਗਾ ਦਿੱਤੀ ਗਈ। ਇਸ ਮੌਕੇ ਪਾਇਲਟ ਵੱਲੋਂ ਯਾਤਰੀਆਂ ਨੂੰ ਦੱਸਿਆ ਗਿਆ ਕਿ ਏਟੀਸੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਜਹਾਜ਼ ਤੇਲ ਭਰਵਾਏ ਬਿਨਾਂ ਹੀ ਜਲਦਬਾਜ਼ੀ ਵਿੱਚ ਉਡਾਣ ਭਰਨ ਲਈ ਰਵਾਨਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੁੱਕਰ ਹੈ ਕਿ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਹੀ ਉਸ ਨੂੰ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ 160 ਯਾਤਰੀਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇੰਡੀਗੋ ਏਅਰਲਾਈਨਜ਼ ਕੰਪਨੀ ਵੱਲੋਂ ਇਸ ਪੂਰੇ ਮਾਮਲੇ ਦੀ ਮੁਹਾਲੀ ਏਅਰਪੋਰਟ ਪੁਲੀਸ ਨੂੰ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ। ਪੁਲੀਸ ਨੇ ਮਾਮਲੇ ਬਾਰੇ ਅਣਜਾਣਤਾ ਪ੍ਰਗਟਾਈ ਮੁਹਾਲੀ ਏਅਰਪੋਰਟ ਥਾਣਾ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਨਾ ਹੀ ਕਿਸੇ ਯਾਤਰੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਕੋਈ ਲਾਪ੍ਰਵਾਹੀ ਹੋਈ ਹੋਵੇਗੀ ਕਿਉਂਕਿ ਇਹ ਰੁਟੀਨ ਕਾਰਵਾਈ ਹੈ। ਥਾਣਾ ਮੁਖੀ ਨੇ ਏਅਰਪੋਰਟ ਅਥਾਰਟੀ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਕੋਈ ਜਹਾਜ਼ ਹਵਾਈ ਅੱਡੇ ’ਤੇ ਆ ਕੇ ਉਤਰਦਾ ਹੈ ਤਾਂ ਸਵਾਰੀਆਂ ਦੇ ਥੱਲੇ ਉੱਤਰਨ ਤੋਂ ਬਾਅਦ ਅਤੇ ਉਡਾਣ ਤੋਂ ਪਹਿਲਾਂ ਹੀ ਜਹਾਜ਼ ਵਿੱਚ ਤੇਲ ਭਰਿਆ ਜਾਂਦਾ ਹੈ।

E-Paper

Calendar

Videos