Arash Info Corporation

ਜ਼ਹਿਰ ਨਿਗਲਣ ਕਾਰਨ ਪਿਤਾ ਤੇ ਪੁੱਤਰ ਦੀ ਮੌਤ; ਧੀ ਜ਼ੇਰੇ ਇਲਾਜ

27

October

2018

ਬਨੂੜ, ਇੱਥੋਂ ਤਿੰਨ ਕਿਲੋਮੀਟਰ ਦੂਰ ਪਿੰਡ ਮੋਟੇਮਾਜਰਾ ਵਿੱਚ ਬੀਤੀ ਸ਼ਾਮ ਇਕ ਪਿਤਾ ਨੇ ਖੁਦ ਅਤੇ ਆਪਣੇ ਤਿੰਨ ਵਰ੍ਹਿਆਂ ਦੇ ਪੁੱਤਰ ਅਤੇ ਨੌਂ ਵਰ੍ਹਿਆਂ ਦੀ ਧੀ ਨੂੰ ਜ਼ਹਿਰੀਲਾ ਪਦਾਰਥ ਪਿਲਾ ਦਿੱਤਾ। ਇਸ ਘਟਨਾ ਕਾਰਨ ਦਰਬਾਰਾ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਉਸ ਦੇ ਪੁੱਤਰ ਤਰਨਦੀਪ ਸਿੰਘ ਦੀ ਮੌਤ ਹੋ ਗਈ। ਨੌਂ ਵਰ੍ਹਿਆਂ ਦੀ ਪੁੱਤਰੀ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਬਾਰਾ ਸਿੰਘ ਦੀ ਪਤਨੀ ਦਾ ਢਾਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਮਗਰੋਂ ਛੇ ਕੁ ਮਹੀਨੇ ਪਹਿਲਾਂ ਦਰਬਾਰਾ ਸਿੰਘ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ। ਉਹ ਪ੍ਰਾਈਵੇਟ ਸਕਿਉਰਿਟੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਪਹਿਲੀ ਵਿਆਹੁਤਾ ਤੋਂ ਇੱਕ ਪੁੱਤਰ ਅਤੇ ਇੱਕ ਧੀ ਸੀ ਜਦੋਂ ਕਿ ਦੂਜੀ ਵਿਆਹੁਤਾ ਕੋਲ ਪਹਿਲਾਂ ਤੋਂ ਹੀ ਇੱਕ ਬੱਚੀ ਸੀ। ਵੀਰਵਾਰ ਨੂੰ ਦੁਪਹਿਰ ਸਮੇਂ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਸੀ। ਇਸ ਮਗਰੋਂ ਤਕਰੀਬਨ ਚਾਰ ਵਜੇ ਉਹ ਪਿਤਾ ਦਰਬਾਰਾ ਸਿੰਘ ਆਪਣੇ ਦੋਵੇਂ ਬੱਚਿਆਂ ਨੂੰ ਲੈਕੇ ਘਰ ਦੇ ਇੱਕ ਕਮਰੇ ਵਿੱਚ ਚਲਾ ਗਿਆ ਤੇ ਕੁੰਡੀ ਲਗਾ ਲਈ। ਦਰਬਾਰਾ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਕੋਲਡ ਡਰਿੰਕ ਵਿੱਚ ਮਿਲਾਈ ਹੋਈ ਸੀ। ਪਹਿਲਾਂ ਆਪ ਉਸ ਨੇ ਦਵਾਈ ਵਾਲੀ ਕੋਲਡ ਡਰਿੰਕ ਪੀਤੀ ਤੇ ਨਾਲ ਹੀ ਆਪਣੇ ਦੋਵੇਂ ਬੱਚਿਆਂ ਨੂੰ ਵੀ ਪਿਲਾ ਦਿੱਤੀ। ਇਸ ਮਗਰੋਂ ਸਾਰੇ ਜਣੇ ਉਲਟੀਆਂ ਕਰਨ ਲੱਗ ਪਏ। ਬੱਚਿਆਂ ਦਾ ਰੌਲਾ ਸੁਣਕੇ ਪਰਿਵਾਰ ਅਤੇ ਆਂਢ-ਗੁਆਂਡ ਦੇ ਵਿਅਕਤੀਆਂ ਨੇ ਦਰਵਾਜ਼ਾ ਤੋੜ ਕੇ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਅਤੇ ਬਨੂੜ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ। ਤਿੰਨਾਂ ਦੀ ਹਾਲਤ ਵਿਗੜਦੀ ਵੇਖ ਕੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਜਿੱਥੇ ਰਸਤੇ ਵਿੱਚ ਹੀ ਦਰਬਾਰਾ ਸਿੰਘ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਉਸ ਦੀ ਨੌਂ ਵਰ੍ਹਿਆਂ ਦੀ ਧੀ ਜ਼ੇਰੇ ਇਲਾਜ ਹੈ। ਥਾਣਾ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਦਰਬਾਰਾ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਬਿਆਨਾਂ ਤਹਿਤ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਦਰਬਾਰਾ ਸਿੰਘ ਦਾ 2010 ਵਿੱਚ ਸੜਕ ਹਾਦਸਾ ਹੋ ਗਿਆ ਸੀ ਤੇ ਸਿਰ ਵਿੱਚ ਸੱਟ ਵੱਜਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੁਦ ਅਤੇ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਪਿਲਾ ਦਿੱਤਾ।

E-Paper

Calendar

Videos