ਟੀਐੱਮਸੀ ਆਗੂ ਦੇ ਘਰੋਂ ਈਵੀਐੱਮਜ਼ ਤੇ ਵੀਵੀਪੈਟ ਮਿਲੀਆਂ, ਚੋਣ ਅਧਿਕਾਰੀ ਮੁਅੱਤਲ

06

April

2021

ਉਲੂਬੇਰੀਆ (ਪੱਛਮੀ ਬੰਗਾਲ), 6 ਅਪਰੈਲ- ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਘਰੋਂ ਚਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਇੰਨੀਆਂ ਹੀ ਵੀਵੀਪੈਟ ਮਸ਼ੀਨਾਂ ਮਿਲਣ ਮਗਰੋਂ ਚੋਣ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਉਲੂਬੇਰੀਆ ਉੱਤਰ ਅਸੈਂਬਲੀ ਹਲਕੇ ਦੇ ਤੁਲਸੀਬੇਰੀਆ ਪਿੰਡ ਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਵੱਡੇ ਤੜਕੇ ਟੀਐੱਮਸੀ ਆਗੂ ਦੇ ਘਰ ਦੇ ਬਾਹਰ ਵਾਹਨ ਖੜ੍ਹਾ ਵੇਖਿਆ, ਜਿਸ ’ਤੇ ਚੋਣ ਕਮਿਸ਼ਨ ਦਾ ਸਟਿੱਕਰ ਲੱਗਾ ਸੀ। ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਤਾਂ ਸਥਾਨਕ ਪ੍ਰਸ਼ਾਸਨ ਤੁਰਤ ਹਰਕਤ ਵਿੱਚ ਆ ਗਿਆ। ਅਧਿਕਾਰੀਆਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਚੋਣ ਅਧਿਕਾਰੀ ਤਪਨ ਸਰਕਾਰ ਈਵੀਐੱਮਜ਼ ਦੇ ਨਾਲ ਟੀਐੱਮਸੀ ਆਗੂ ਘਰ ਰੁਕਿਆ ਸੀ। ਚੋਣ ਅਧਿਕਾਰੀ ਨੇ ਈਵੀਐੱਮਜ਼ ਤੇ ਵੀਵੀਪੈਟ ਕਬਜ਼ੇ ’ਚ ਲੈ ਕੇ ਸਬੰਧਤ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਇਨ੍ਹਾਂ ਚਾਰ ਈਵੀਐੱਮਜ਼ ਨੂੰ ਮੰਗਲਵਾਰ ਦੀ ਪੋਲਿੰਗ ਲਈ ਨਹੀਂ ਵਰਤਿਆ ਜਾਵੇਗਾ ਤੇ ਉਨ੍ਹਾਂ ਇਸ ਪੂਰੇ ਮਾਮਲੇ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਮੰਗ ਲਈ ਹੈ।