ਭਾਜਪਾ ਚੋਣ ਮਸ਼ੀਨ ਨਹੀਂ, ਪਾਰਟੀ ਨੇ ਲੋਕਾਂ ਦੇ ਦਿਲ ਜਿੱਤਣ ਦਾ ਨਿਸ਼ਾਨਾ ਮਿੱਥਿਆ: ਮੋਦੀ

06

April

2021

ਨਵੀਂ ਦਿੱਲੀ, 6 ਅਪਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਛੋਟੇ ਕਿਸਾਨਾਂ ਦੀ ਭਲਾਈ ਬਾਰੇ ਨਹੀਂ ਸੋਚਿਆ, ਪਰ ਉਨ੍ਹਾਂ ਦੀ ਸਰਕਾਰ ਨੇ ਵੱਖ ਵੱਖ ਭਲਾਈ ਸਕੀਮਾਂ ਜ਼ਰੀਏ ਛੋਟੀ ਕਿਸਾਨੀ ਦੇ ਉੱਨਤੀ ਨੂੰ ਯਕੀਨੀ ਬਣਾਇਆ। ਭਾਰਤੀ ਜਨਤਾ ਪਾਰਟੀ ਦੇ 41ਵੇਂ ਸਥਾਪਨਾ ਦਿਹਾੜੇ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਦੇਸ਼ ਨੂੰ ਪਾਰਟੀ ਤੋਂ ਉਪਰ ਰੱਖਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਸਰਕਾਰ ਦਾ ਮੁਲਾਂਕਣ ਉਸ ਵੱਲੋਂ ਕੀਤੇ ਕੰਮਾਂ ਦੇ ਅਧਾਰ ’ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਦੇ ਭਾਗਾਂ ਨੂੰ, ਜੇ ਭਾਜਪਾ ਕਿਤੇ ਚੋਣਾਂ ਜਿੱਤ ਜਾਵੇ ਤਾਂ ਇਸ ਨੂੰ ਚੋਣ ਮਸ਼ੀਨਰੀ ਆਖਿਆ ਜਾਂਦਾ ਹੈ, ਜਦੋਂਕਿ ਦੂਜਿਆਂ ਦੀ ਜਿੱਤ ਦਾ ਸਿਹਰਾ ਉਨ੍ਹਾਂ ਦੇ ਆਗੂਆਂ ਸਿਰ ਸਜਾਇਆ ਜਾਂਦਾ ਹੈ।’ ਉਨ੍ਹਾਂ ਕਿਹਾ, ‘ਵਿਰੋਧੀ ਪਾਰਟੀਆਂ ਲੋਕਾਂ ਦੇ ਮਨ ਨੂੰ ਸਮਝਣ ਵਿੱਚ ਨਾਕਾਮ ਰਹੀਆਂ ਹਨ। ਅਸਲ ਗੱਲ ਇਹ ਹੈ ਕਿ ਭਾਜਪਾ ਚੋਣਾਂ ਜਿੱਤਣ ਲਈ ਕੋਈ ਮਸ਼ੀਨ ਨਹੀਂ ਹੈ। ਪਾਰਟੀ ਤਾਂ ਲੋਕਾਂ ਦੇ ਦਿਲਾਂ ਨੂੰ ਜਿੱਤਣਾ ਜਾਣਦੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਆਪਣੇ ਪਾਰਟੀ ਵਰਕਰਾਂ ਵੱਲੋਂ ਕੀਤੇ ਯਤਨਾਂ ਸਦਕਾ ਚੋਣਾਂ ਜਿੱਤਦੀ ਹੈ। ਆਪਣੇ ਵਰਚੁਅਲ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਤਲਬ ਪਰਿਵਾਰਵਾਦ ਦੀ ਸਿਆਸਤ ਤੋਂ ਮੁਕਤੀ ਤੇ ਸੁਸ਼ਾਸਨ ਹੈ। ਉਨ੍ਹਾਂ ਕਿਹਾ, ਅਸੀਂ ਪੰਜ ਸਾਲ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਹਾਂ। ਹਰ ਹਾਲਾਤ ਵਿੱਚ ਅਸੀਂ ਲੋਕਾਂ ਨਾਲ ਜੁੜੇ ਰਹਿੰਦੇ ਹਾਂ। ਲੋਕਾਂ ਲਈ ਹੀ ਜਿਊਂਦੇ ਰਹਿੰਦੇ ਹਾਂ।’ ਉਨ੍ਹਾਂ ਕਿਹਾ, ‘ਭਾਜਪਾ ਸਰਕਾਰ ਦਾ ਮਤਲਬ ਹੈ ਦੇਸ਼ ਪਹਿਲਾਂ। ਦੇਸ਼ ਹਿੱਤ ਨਾਲ ਸਮਝੌਤਾ ਨਹੀਂ ਬਲਕਿ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।’